ਅਮਰੀਕਾ ਵੱਲੋਂ ਆਸਿਆਨ ਨੂੰ ਚੀਨ ਦੇ ਮੁਕਾਬਲੇ ਦਾ ਸੱਦਾ

0
8

ਅਮਰੀਕਾ ਵੱਲੋਂ ਆਸਿਆਨ ਨੂੰ ਚੀਨ ਦੇ ਮੁਕਾਬਲੇ ਦਾ ਸੱਦਾ
ਕੁਆਲਾਲੰਪੁਰ,:ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਦੱਖਣ-ਪੂਰਬੀ ਏਸ਼ਿਆਈ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੱਖਣੀ ਚੀਨ ਸਾਗਰ ’ਚ ਚੀਨ ਦੀ ਅਸਥਿਰ ਕਰਨ ਵਾਲੀਆਂ ਵਧਦੀਆਂ ਸਰਗਰਮੀਆਂ ਦਾ ਡਟ ਕੇ ਮੁਕਾਬਲਾ ਕਰਨ ਲਈ ਤਿਆਰ ਰਹਿਣ। ਉਨ੍ਹਾਂ ਆਸਿਆਨ ਮੁਲਕਾਂ ਨੂੰ ਆਪਣੀ ਸਮੁੰਦਰੀ ਫੌਜ ਮਜ਼ਬੂਤ ਬਣਾਉਣ ਦੀ ਵੀ ਅਪੀਲ ਕੀਤੀ। ਸ੍ਰੀ ਹੇਗਸੇਥ ਨੇ ਇਸ ਤੋਂ ਕੁਝ ਘੰਟੇ ਪਹਿਲਾਂ ਸੋਸ਼ਲ ਮੀਡੀਆ ’ਤੇ ਚੀਨ ਪ੍ਰਤੀ ਨਰਮ ਵਤੀਰਾ ਅਪਣਾਉਂਦਿਆਂ ਕਿਹਾ ਕਿ ਅਮਰੀਕਾ-ਚੀਨ ਸਬੰਧ ਕਦੇ ਵੀ ਇੰਨੇ ਵਧੀਆ ਨਹੀਂ ਰਹੇ ਅਤੇ ਦੋਵੇਂ ਮੁਲਕਾਂ ਨੇ ਸਿੱਧੇ ਤੌਰ ’ਤੇ ਫੌਜੀ ਸੰਪਰਕ ਸਥਾਪਤ ਕਰਨ ’ਤੇ ਸਹਿਮਤੀ ਜਤਾਈ ਹੈ। ਮਲੇਸ਼ੀਆ ’ਚ ਆਸਿਆਨ ਮੁਲਕਾਂ ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ’ਚ ਸ੍ਰੀ ਹੇਗਸੇਥ ਨੇ ਵਿਵਾਦਤ ਜਲ ਖੇਤਰਾਂ ’ਚ ਚੀਨ ਦੇ ਹਮਲਾਵਰ ਰੁਖ਼ ਨੂੰ ਲੈ ਕੇ ਅਮਰੀਕਾ ਦੀ ਚਿੰਤਾ ਦੁਹਰਾਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਚੀਨ ਦਾ ਭੜਕਾਉਣ ਵਾਲਾ ਵਤੀਰਾ ਉਸ ਦੇ ਗੁਆਂਢੀਆਂ ਦੀ ਖੁਦਮੁਖਤਾਰੀ ਅਤੇ ਖੇਤਰੀ ਸਥਿਰਤਾ ਨੂੰ ਖ਼ਤਰੇ ’ਚ ਪਾ ਸਕਦਾ ਹੈ। ਉਨ੍ਹਾਂ ਚੀਨ ਦੇ ਰੱਖਿਆ ਮੰਤਰੀ ਐਡਮਿਰਲ ਡੋਂਗ ਜੁਨ ਨਾਲ ਮੀਟਿੰਗ ਬਾਰੇ ਐਤਵਾਰ ਤੜਕੇ ‘ਐਕਸ’ ’ਤੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੋਵੇਂ ਮਹਾਨ ਅਤੇ ਤਾਕਤਵਰ ਮੁਲਕਾਂ ਲਈ ਸ਼ਾਂਤੀ ਅਤੇ ਸਥਿਰਤਾ ਦਾ ਰਾਹ ਸਭ ਤੋਂ ਵਧੀਆ ਹੈ।

LEAVE A REPLY

Please enter your comment!
Please enter your name here