ਦਿੱਲੀ ਅਕਤੂਬਰ ਵਿੱਚ ਦੇਸ਼ ਦਾ ਛੇਵਾਂ ਸਭ ਤੋਂ ਪ੍ਰਦੂਸ਼ਿਤ ਸ਼ਹਿਰ
ਨਵੀਂ ਦਿੱਲੀ : ਅਕਤੂਬਰ ਵਿੱਚ ਦੇਸ਼ ਦਾ ਛੇਵਾਂ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ ਜੋ ਆਪਣੇ ਨਾਲ ਦੇ ਸ਼ਹਿਰਾਂ ਗਾਜ਼ੀਆਬਾਦ ਅਤੇ ਨੋਇਡਾ ਨੂੰ ਵੀ ਪਿੱਛੇ ਛੱਡ ਗਿਆ ਹੈ।
ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ (ਸੀ ਆਰ ਈ ਏ) ਵਲੋਂ ਅੱਜ ਜਾਰੀ ਕੀਤੀ ਗਈ ਮਹੀਨਾਵਾਰ ਰਿਪੋਰਟ ਅਨੁਸਾਰ ਹਰਿਆਣਾ ਦੇ ਧਾਰੂਹੇੜਾ ਨੂੰ ਅਕਤੂਬਰ ਵਿੱਚ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਾ ਦਰਜਾ ਦਿੱਤਾ ਗਿਆ ਸੀ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਦੇਸ਼ ਭਰ ਵਿੱਚ ਹਵਾ ਦਾ ਮਿਆਰ ਤੇਜ਼ੀ ਨਾਲ ਗਿਰਦਾ ਜਾ ਰਿਹਾ ਹੈ ਤੇ ਇਸ ਵਿਚ ਪ੍ਰਦੂਸ਼ਣ ਦੇ ਕਣ ਵਧ ਰਹੇ ਹਨ ਤੇ ਖਾਸ ਕਰਕੇ ਕੌਮੀ ਰਾਜਧਾਨੀ ਖੇਤਰ ਵਿੱਚ ਸਥਿਤੀ ਵਿਗੜਦੀ ਜਾ ਰਹੀ ਹੈ। ਦਿੱਲੀ ਔਸਤ ਦੇ ਹਿਸਾਬ ਨਾਲ ਛੇਵੇਂ ਸਥਾਨ ’ਤੇ ਹੈ ਤੇ ਇਥੇ ਪ੍ਰਦੂਸ਼ਣ ਦਾ ਪੱਧਰ ਸਤੰਬਰ ਦੀ ਔਸਤ ਨਾਲੋਂ ਤਿੰਨ ਗੁਣਾ ਵੱਧ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਅਕਤੂਬਰ ਵਿੱਚ ਦਿੱਲੀ ਦੇ PM2.5 ਦੇ ਪੱਧਰ ਵਿੱਚ ਪਰਾਲੀ ਸਾੜਨ ਦਾ ਯੋਗਦਾਨ 6 ਫੀਸਦੀ ਤੋਂ ਘੱਟ ਹੋਣ ਦੇ ਬਾਵਜੂਦ ਇਹ ਤੇਜ਼ ਵਾਧਾ ਸਾਲ ਭਰ ਦੇ ਨਿਕਾਸ ਸਰੋਤਾਂ ਕਾਰਨ ਹੋ ਰਿਹਾ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਸੁਪਰੀਮ ਕੋਰਟ ਨੇ ਨਵੀਂ ਦਿੱਲੀ ਵਿਚ ਪ੍ਰਦੂਸ਼ਣ ਦੀ ਜਾਂਚ ਕਰਨ ਵਾਲੇ ਨਿਗਰਾਨੀ ਕੇਂਦਰਾਂ ਦੇ ਦੀਵਾਲੀ ਵਾਲੇ ਦਿਨਾਂ ਵਿਚ ਕੰਮ ਨਾ ਕਰਨ ’ਤੇ ਚਿੰਤਾ ਜ਼ਾਹਰ ਕਰਦਿਆਂ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਕੋਲੋਂ ਵੀ ਜਵਾਬ ਮੰਗਿਆ ਹੈ।


