ਹਰਿਆਣਾ ’ਚ 25 ਲੱਖ ਜਾਅਲੀ ਵੋਟਾਂ ਭੁਗਤੀਆਂ: ਰਾਹੁਲ
ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ‘ਵੋਟ ਚੋਰੀ’ ਨਾਲ ਸਬੰਧਤ ਇਕ ਹੋਰ ਹਾਈਡਰੋਜਨ ਬੰਬ ਧਮਾਕਾ ਕਰਦਿਆਂ ਅੱਜ ਦੋਸ਼ ਲਾਇਆ ਕਿ ਭਾਜਪਾ ਨੇ 2024 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ 25 ਲੱਖ ਜਾਅਲੀ ਵੋਟਾਂ ਦੇ ਆਧਾਰ ’ਤੇ ਜਿੱਤੀਆਂ ਸਨ। ਉਨ੍ਹਾਂ ਸੂਬੇ ਦੇ ਹਰ ਅੱਠ ਵੋਟਰਾਂ ਵਿੱਚੋਂ ਇੱਕ ਜਾਅਲੀ ਹੋਣ ਦਾ ਦਾਅਵਾ ਕੀਤਾ। ਚੋਣ ਕਮਿਸ਼ਨ ’ਤੇ ਫ਼ਰਜ਼ੀ ਅਤੇ ਜਾਅਲੀ ਵੋਟਰਾਂ ਦੇ ਆਧਾਰ ’ਤੇ ਭਾਜਪਾ ਨੂੰ ਜਿੱਤਣ ਵਿੱਚ ਮਦਦ ਕਰਨ ਦਾ ਦੋਸ਼ ਲਗਾਉਂਦਿਆਂ ਰਾਹੁਲ ਗਾਂਧੀ ਨੇ ਕੁਝ ਵੋਟਰਾਂ ਦੀਆਂ ਤਸਵੀਰਾਂ ਅਤੇ ਰਿਕਾਰਡ ਪੇਸ਼ ਕੀਤੇ ਹਨ ਜਿਨ੍ਹਾਂ ਬਾਰੇ ਉਨ੍ਹਾਂ ਦਾਅਵਾ ਕੀਤਾ ਕਿ ਉਹ ਜਾਅਲੀ ਸਨ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਭਾਜਪਾ ਨੇ ਚੋਣ ਕਮਿਸ਼ਨ ਦੀ ਮਿਲੀਭੁਗਤ ਨਾਲ ਬਿਹਾਰ ’ਚ ‘ਚੋਣਾਂ ਚੋਰੀ’ ਕਰਨ ਦੀ ਯੋਜਨਾ ਬਣਾਈ ਹੈ। ਉਨ੍ਹਾਂ ਫ਼ਰਜ਼ੀ ਵੋਟਰਾਂ ਬਾਰੇ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਜਿਨ੍ਹਾਂ ਵਿੱਚੋਂ ਇੱਕ ਬ੍ਰਾਜ਼ੀਲੀ ਮਾਡਲ ਬਾਰੇ ਹੈ ਜਿਸ ਦੀਆਂ ਤਸਵੀਰਾਂ ਦੀ ਵਰਤੋਂ ਰਾਈ ਹਲਕੇ ਦੇ 10 ਪੋਲਿੰਗ ਬੂਥਾਂ ’ਤੇ ਕਥਿਤ ਤੌਰ ਉੱਤੇ 22 ਵਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ ਜਿਥੇ ਉਸ ਦਾ ਨਾਮ ‘ਸੀਮਾ, ਸਵੀਟੀ ਅਤੇ ਸਰਸਵਤੀ’ ਵਜੋਂ ਵਰਤਿਆ ਗਿਆ। ਰਾਹੁਲ ਨੇ ਇੱਕ ਹੋਰ ਮਿਸਾਲ ਦਿੱਤੀ ਜੋ ਕਥਿਤ ਤੌਰ ’ਤੇ ਹਰਿਆਣਾ ਦੀਆਂ ਵੋਟਰ ਸੂਚੀਆਂ ਵਿੱਚ 223 ਵਾਰ ਦਿਖਾਈ ਦਿੰਦੀ ਹੈ। ਕਾਂਗਰਸੀ ਆਗੂ ਨੇ ਉੱਤਰ ਪ੍ਰਦੇਸ਼ ਦੇ ਭਾਜਪਾ ਆਗੂਆਂ ਦੇ ਰਿਕਾਰਡ ਵੀ ਪੇਸ਼ ਕੀਤੇ ਜਿਨ੍ਹਾਂ ਨੇ ਹਰਿਆਣਾ ਵਿੱਚ ਵੋਟ ਪਾਈ। ਉਨ੍ਹਾਂ ਕਿਹਾ, ‘‘ਚੋਣ ਕਮਿਸ਼ਨ ਸੂਚੀਆਂ ’ਚੋਂ ਡੁਪਲੀਕੇਟ ਵੋਟਰਾਂ ਨੂੰ ਕਿਉਂ ਨਹੀਂ ਹਟਾਉਂਦਾ? ਕਿਉਂਕਿ ਉਹ ਭਾਜਪਾ ਨੂੰ ਜਿੱਤਣ ਵਿੱਚ ਮਦਦ ਕਰਦੇ ਹਨ।’’


