ਸੀਬੀਆਈ ਵੱਲੋਂ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਤੇ ਪਤਨੀ ਰਜ਼ੀਆ ਸੁਲਤਾਨਾ ਖਿਲਾਫ਼ ਕੇਸ ਦਰਜ
ਨਵੀਂ ਦਿੱਲੀ, ਸੀਬੀਆਈ ਨੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ, ਉਨ੍ਹਾਂ ਦੀ ਪਤਨੀ ਰਜ਼ੀਆ ਸੁਲਤਾਨਾ ਤੇ ਹੋਰਨਾਂ ਖਿਲਾਫ਼ ਉਨ੍ਹਾਂ ਦੇ ਪੁੱਤਰ ਅਕੀਲ ਅਖ਼ਤਰ (35) ਦੇ ਕਤਲ ਕੇਸ ਵਿਚ ਐੱਫਆਈਆਰ ਦਰਜ ਕੀਤੀ ਹੈ। ਅਖ਼ਤਰ ਦੀ 16 ਅਕਤੂਬਰ ਨੂੰ ਹਰਿਆਣਾ ਦੇ ਪੰਚਕੂਲਾ ਵਿਚ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਸੀ। ਸ਼ੁੱਕਰਵਾਰ ਨੂੰ ਦਰਜ ਐੱਫਆਈਆਰ ਮੁਤਾਬਕ ਪੀੜਤ ਤੇ ਉਸ ਦੇ ਪਰਿਵਾਰ ਵਿਚਾਲੇ ਨਾਰਾਜ਼ਗੀ ਚੱਲ ਰਹੀ ਸੀ।
ਸੀਬੀਆਈ ਦੇ ਬੁਲਾਰੇ ਨੇ ਵੀਰਵਾਰ ਦੇਰ ਰਾਤ ਜਾਰੀ ਇਕ ਬਿਆਨ ਵਿਚ ਕਿਹਾ, ‘‘ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ 6 ਨਵੰਬਰ ਨੂੰ ਅਕੀਲ ਅਖਤਰ ਕਤਲ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ। ਇਹ ਐਫਆਈਆਰ ਇਸ ਬਿਨਾਹ ’ਤੇ ਦਰਜ ਕੀਤੀ ਗਈ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਅਤੇ ਪੰਜਾਬ ਦੀ ਸਾਬਕਾ ਲੋਕ ਨਿਰਮਾਣ ਮੰਤਰੀ ਰਜ਼ੀਆ ਸੁਲਤਾਨਾ ਦੇ ਪੁੱਤਰ ਅਕੀਲ ਅਖਤਰ, ਜੋ ਪੰਚਕੂਲਾ ਦੇ ਮਨਸਾ ਦੇਵੀ ਮੰਦਰ ਨੇੜੇ ਸੈਕਟਰ 4 ਵਿੱਚ ਰਹਿੰਦਾ ਸੀ, ਦੀ 16 ਅਕਤੂਬਰ ਨੂੰ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ।’’
ਬਿਆਨ ਵਿੱਚ ਕਿਹਾ ਗਿਆ ਹੈ ਕਿ ਸੀਬੀਆਈ ਨੇ ਮੁਸਤਫਾ ਤੇ ਸੁਲਤਾਨਾ ਤੋਂ ਇਲਾਵਾ ਅਖ਼ਤਰ ਦੀ ਪਤਨੀ ਅਤੇ ਭੈਣ ਵਿਰੁੱਧ ਕਤਲ ਅਤੇ ਅਪਰਾਧਿਕ ਸਾਜ਼ਿਸ਼ ਨਾਲ ਸਬੰਧਤ ਬੀਐੱਨਐੱਸ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਹੈ।


