ਦਿੱਲੀ ਧਮਾਕਾ ‘ਸਰਕਾਰ ਦੀ ਨਾਕਾਮੀ’: ਖੜਗੇ
ਬੰਗਲੂਰੂ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦਿੱਲੀ ਵਿੱਚ ਹੋਏ ਧਮਾਕੇ ਨੂੰ ‘ਸਰਕਾਰ ਦੀ ਅਸਫਲਤਾ’ ਕਰਾਰ ਦਿੱਤਾ ਅਤੇ ਮੰਗ ਕੀਤੀ ਕਿ ਅਤਿਵਾਦੀ ਕਾਰਵਾਈ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਅਜਿਹੀ ਘਟਨਾ ਕੌਮੀਂ ਰਾਜਧਾਨੀ ਵਿੱਚ ਵਾਪਰੀ, ਜਿੱਥੇ ਸੁਰੱਖਿਆ ਯਕੀਨੀ ਬਣਾਉਣ ਲਈ ਕੰਮ ਕਰਦੀਆਂ ਚੋਟੀ ਦੀਆਂ ਏਜੰਸੀਆਂ, ਜਿਨ੍ਹਾਂ ਵਿੱਚ ਇੰਟੈਲੀਜੈਂਸ ਬਿਊਰੋ ਵੀ ਸ਼ਾਮਲ ਹੈ, ਮੌਜੂਦ ਹਨ।
ਖੜਗੇ ਨੇ ਦੋਸ਼ ਲਾਇਆ ਕਿ ਦਿੱਲੀ ਵਿੱਚ ਇਨ੍ਹਾਂ ਸਾਰੀਆਂ ਏਜੰਸੀਆਂ ਦੀ ਮੌਜੂਦਗੀ ਦੇ ਬਾਵਜੂਦ ਸਰਕਾਰ ਫੇਲ੍ਹ ਹੋ ਗਈ ਹੈ ਅਤੇ ਨਾਲ ਹੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਇੱਕ ਪੂਰੀ ਰਿਪੋਰਟ ਦੀ ਉਡੀਕ ਕਰੇਗੀ। ਖੜਗੇ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਧਮਾਕੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਅਤੇ ਸਰਕਾਰ ਤੋਂ ਇਸ ਦੇ ਪਿੱਛੇ ਵਾਲੇ ਲੋਕਾਂ ਨੂੰ ਸਖ਼ਤ ਸਜ਼ਾ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ, “ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਦੂਜੇ ਲੋਕ ਅਜਿਹਾ ਕਰਨ ਤੋਂ ਡਰਨ।”
ਉਨ੍ਹਾਂ ਅੱਗੇ ਕਿਹਾ,“ ਸਾਡੀ ਪਾਰਟੀ ਅਗਲੇ ਮਹੀਨੇ ਸਰਦ ਰੁੱਤ ਇਜਲਾਸ ਦੌਰਾਨ ਸੰਸਦ ਵਿੱਚ ਇਸ ਮੁੱਦੇ ਨੂੰ ਚੁੱਕੇਗੀ। ਹੁਣ ਇਹ ਕੇਸ ਨੈਸ਼ਨਲ ਇੰਟੈਲੀਜੈਂਸ ਏਜੰਸੀ ਨੂੰ ਸੌਂਪ ਦਿੱਤਾ ਹੈ। ਜਾਂਚ ਰਿਪੋਰਟ ਆਉਣ ਦਿਓ। ਸੰਸਦ ਦਾ ਸੈਸ਼ਨ 1 ਦਸੰਬਰ ਤੋਂ ਸ਼ੁਰੂ ਹੋਵੇਗਾ। ਉਸ ਤੋਂ ਬਾਅਦ ਅਸੀਂ ਦੇਖਾਂਗੇ।”


