ਅਸਟ੍ਰੇਲੀਆ ਫਰਾਰ ‘ਆਪ’ ਵਿਧਾਇਕ ਪਠਾਣਮਾਜਰਾ ਦਾ ਨਵਾਂ ਵੀਡੀਓ ਸਾਹਮਣੇ ਆਇਆ
ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਜੋ ਜਬਰ ਜਨਾਹ ਦੇ ਦੋਸ਼ਾਂ ਕਰਕੇ ਸਤੰਬਰ ਤੋਂ ਫ਼ਰਾਰ ਹੈ, ਇਕ ਨਵੇਂ ਵੀਡੀਓ ਵਿਚ ਆਪਣੇ ਭਤੀਜੇ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਾ ਨਜ਼ਰ ਆਇਆ ਹੈ। ਇਹ ਵੀਡੀਓ ਇਕ ਕਾਰ ਵਿਚ ਯਾਤਰਾ ਕਰਦਿਆਂ ਫਿਲਮਾਇਆ ਗਿਆ ਹੈ। ਵੀਡੀਓ ਵਿਚ ਪਠਾਣਮਾਜਰਾ ਆਪਣੇ ਭਤੀਜੇ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਉਸ ਨੂੰ ਜਲਦੀ ਹੀ ਮੁੜ ਮਿਲਣ ਦੀ ਇੱਛਾ ਜਤਾ ਰਿਹਾ ਹੈ।
ਪਟਿਆਲਾ ਪੁਲੀਸ ਨੇ ਆਪ ਵਿਧਾਇਕ ਪਠਾਣਮਾਜਰਾ ਖਿਲਾਫ਼ ਜਬਰ ਜਨਾਹ, ਧੋਖਾਧੜੀ ਤੇ ਧਮਕਾਉਣ ਦੇ ਦੋਸ਼ ਵਿਚ 1 ਸਤੰਬਰ ਨੂੰ ਕੇਸ ਦਰਜ ਕੀਤਾ ਸੀ। ਇਹ ਕੇਸ ਜ਼ੀਰਕਪੁਰ ਅਧਾਰਿਤ ਇਕ ਮਹਿਲਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਆਪ ਵਿਧਾਇਕ ਇਸ ਵੇਲੇ ਆਸਟਰੇਲੀਆ ਵਿਚ ਹੈ। ਪਿਛਲੇ ਦਿਨੀਂ ਦੱਖਣੀ ਆਸਟਰੇਲੀਆ ਦੇ ਐਡੀਲੇਡ ਤੋਂ ਪਠਾਣਮਾਜਰਾ ਦੇ ਇਕ ਇੰਟਰਵਿਊ ਦਾ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿਚ ਪਠਾਣਮਾਜਰਾ ਇਹ ਦਾਅਵਾ ਕਰਦਾ ਦਿੱਸਦਾ ਹੈ ਕਿ ਉਹ ਉਪਰੋਕਤ ਕੇਸ ਵਿਚ ਜ਼ਮਾਨਤ ਮਿਲਣ ਤੋਂ ਬਾਅਦ ਹੀ ਭਾਰਤ ਵਾਪਸ ਆਏਗਾ।



