ਫਿਰੋਜ਼ਪੁਰ ਵਿਖੇ ਆਰਐੱਸਐੱਸ ਆਗੂ ਦੇ ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ
ਫ਼ਿਰੋਜ਼ਪੁਰ :ਇੱਥੇ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਸ਼ਨਿੱਚਰਵਾਰ ਰਾਤੀਂ ਰਾਸ਼ਟਰੀ ਸਵੈਮ ਸੇਵਕ ਸੰਘ (RSS) ਆਗੂ ਦੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੀੜਤ ਦੀ ਪਛਾਣ ਨਵੀਨ ਅਰੋੜਾ ਵਜੋਂ ਹੋਈ ਹੈ। ਨਵੀਨ ਦਾ ਪਿਤਾ ਬਲਦੇਵ ਰਾਜ ਅਰੋੜਾ ਪਿਛਲੇ ਕਈ ਸਾਲਾਂ ਤੋਂ ਆਰ.ਐਸ.ਐਸ. ਨਾਲ ਜੁੜਿਆ ਹੋਇਆ ਹੈ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਨਵੀਨ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਸਥਿਤ ਆਪਣੀ ਦੁਕਾਨ ਤੋਂ ਪੈਦਲ ਘਰ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਬਾਬਾ ਨੂਰ ਸ਼ਾਹ ਵਲੀ ਦਰਗਾਹ ਨੇੜੇ ਪਹੁੰਚਿਆ, ਤਾਂ ਦੋ ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਬਹੁਤ ਨੇੜਿਓਂ ਗੋਲੀਆਂ ਚਲਾ ਦਿੱਤੀਆਂ। ਨਵੀਨ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਦੀ ਸੂਚਨਾ ਮਿਲਦੇ ਹੀ ਡੀਐਸਪੀ (ਸਿਟੀ) ਸੁਖਵਿੰਦਰ ਸਿੰਘ ਸਮੇਤ ਸੀਨੀਅਰ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
