ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦਾ ਵਾਈਟ ਹਾਊਸ ’ਚ ਸਵਾਗਤ
ਵਾਸ਼ਿੰਗਟਨ :ਟਰੰਪ ਨੇ ਸਾਊਦੀ ਅਰਬ ਦੇ ਸ਼ਾਸਕ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ (ਐਮ.ਬੀ.ਐਸ.) ਦਾ ਵਹਾਈਟ ਹਾਊਸ ਦੀ ਪਹਿਲੀ ਫੇਰੀ ਦੌਰਾਨ ਗਰਮਜੋਸ਼ੀ ਨਾਲ ਸਵਾਗਤ ਕੀਤਾ। ਸਾਊਦੀ ਦੇ ਸ਼ਾਹੀ ਪਰਿਵਾਰ ਦੇ ਸਖ਼ਤ ਆਲੋਚਕ ਰਹੇ ਖਸ਼ੋਗੀ ਦੇ ਕਤਲ ਦੇ ਅਪਰੇਸ਼ਨ ਕਾਰਨ ਅਮਰੀਕਾ-ਸਾਊਦੀ ਰਿਸ਼ਤਿਆਂ ਵਿੱਚ ਕਾਫੀ ਗਿਰਾਵਟ ਆ ਗਈ ਸੀ। ਪਰ ਸੱਤ ਸਾਲਾਂ ਬਾਅਦ ਇਹ ਕਾਲੇ ਬੱਦਲ ਹਟ ਗਏ ਹਨ। ਟਰੰਪ 40 ਸਾਲਾ ਕ੍ਰਾਊਨ ਪ੍ਰਿੰਸ ਨਾਲ ਆਪਣੀ ਨੇੜਤਾ ਵਧਾ ਰਹੇ ਹਨ
ਡੋਨਲਡ ਟਰੰਪ ਨੇ ਅਮਰੀਕੀ ਖੁਫੀਆ ਏਜੰਸੀਆਂ ਦੇ ਉਨ੍ਹਾਂ ਨਤੀਜਿਆਂ ਨੂੰ ਖਾਰਜ ਕਰ ਦਿੱਤਾ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ 2018 ਵਿੱਚ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਵਿੱਚ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ (ਐਮ.ਬੀ.ਐਸ.) ਦਾ ਕੁਝ ਹੱਦ ਤੱਕ ਹੱਥ ਹੋ ਸਕਦਾ ਹੈ।
ਦੱਸਣਯੋਗ ਹੈ ਕਿ ਬਾਈਡੇਨ ਸਰਕਾਰ ਸਮੇਂ ਜਨਤਕ ਕੀਤੀ ਗਈ ਇੱਕ ਰਿਪੋਰਟ ਅਨੁਸਾਰ ਅਮਰੀਕੀ ਖੁਫੀਆ ਅਧਿਕਾਰੀਆਂ ਨੇ ਇਹ ਸਿੱਟਾ ਕੱਢਿਆ ਸੀ ਕਿ ਸਾਊਦੀ ਕ੍ਰਾਊਨ ਪ੍ਰਿੰਸ ਨੇ ਇਸਤਾਂਬੁਲ ਵਿੱਚ ਸਾਊਦੀ ਕੌਂਸੁਲੇਟ ਦੇ ਅੰਦਰ ਪੱਤਰਕਾਰ ਦੇ ਕਤਲ ਨੂੰ ਸੰਭਾਵਤ ਤੌਰ ’ਤੇ ਮਨਜ਼ੂਰੀ ਦਿੱਤੀ ਸੀ।



