ਆਰਐੱਸਐੱਸ ਆਗੂ ਦੇ ਪੁੱਤਰ ਦੀ ਹੱਤਿਆ ਕੇਸ ਦਾ ਮੁੱਖ ਮੁਲਜ਼ਮ ਕਾਬੂ

0
105

ਆਰਐੱਸਐੱਸ ਆਗੂ ਦੇ ਪੁੱਤਰ ਦੀ ਹੱਤਿਆ ਕੇਸ ਦਾ ਮੁੱਖ ਮੁਲਜ਼ਮ ਕਾਬੂ
ਫ਼ਿਰੋਜ਼ਪੁਰ,:ਫਿਰੋਜ਼ਪੁਰ ਪੁਲੀਸ ਨੇ ਅੱਜ ਤੜਕੇ ਇਕ ਮੁਕਾਬਲੇ ਦੌਰਾਨ ਆਰਐਸਐਸ ਆਗੂ ਦੇ ਪੁੱਤਰ ਨਵੀਨ ਅਰੋੜਾ ਦੀ ਹੱਤਿਆ ਦੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਨਵੀਨ ਅਰੋੜਾ ਦਾ ਸ਼ਨਿੱਚਰਵਾਰ ਸ਼ਾਮ ਨੂੰ ਕਤਲ ਕਰ ਦਿੱਤਾ ਗਿਆ ਸੀ। ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਕਿਹਾ ਕਿ ਪੁਲੀਸ ਨੂੰ ਗੁਰਸਿਮਰਨ ਸਿੰਘ ਉਰਫ਼ ਜਤਿਨ ਕਾਲੀ ਦੀ ਸਰਗਰਮੀ ਬਾਰੇ ਸੂਚਨਾ ਮਿਲੀ ਸੀ। ਉਹ ਕਥਿਤ ਤੌਰ ’ਤੇ ਆਰਿਫ਼ ਕੇ ਪਿੰਡ ਦੇ ਸੋਢੀਵਾਲਾ ਨੇੜੇ ਘੁੰਮ ਰਿਹਾ ਸੀ, ਜਿਸ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਅਤੇ ਨਾਕੇ ਲਗਾ ਦਿੱਤੇ ਗਏ। ਇਸੇ ਦੌਰਾਨ ਪੁਲੀਸ ਨੇ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਦੇਖਿਆ ਜਿਸ ਨੂੰ ਪਿੰਡ ਆਰਿਫ ਕੇ ਨੇੜੇ ਇੱਕ ਨਾਕੇ ’ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਸੀ, ਪਰ ਮੋਟਰ ਸਾਈਕਲ ਸਵਾਰ ਵਿਅਕਤੀ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੁਲੀਸ ਦੀਆਂ ਗੱਡੀਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ।
ਐਸਐਸਪੀ ਨੇ ਕਿਹਾ ਕਿ ਮੋਟਰਸਾਈਕਲ ਸਵਾਰ ਵਿਅਕਤੀ ਨੇ ਪੁਲੀਸ ਪਾਰਟੀ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਗੋਲੀਆਂ ਪੁਲੀਸ ਦੀ ਬੋਲੈਰੋ ਗੱਡੀ ਦੇ ਅਗਲੇ ਵਿੰਡਸ਼ੀਲਡ ’ਤੇ ਲੱਗੀਆਂ ਜਦੋਂ ਕਿ ਗੱਡੀ ਚਲਾ ਰਿਹਾ ਡਰਾਈਵਰ ਵਾਲ-ਵਾਲ ਬਚ ਗਿਆ। ਐੱਸਐੱਸਪੀ ਨੇ ਕਿਹਾ ਕਿ ਪੁਲੀਸ ਨੇ ਜਵਾਬੀ ਗੋਲੀਬਾਰੀ ਕੀਤੀ ਜਿਸ ਵਿੱਚ ਇੱਕ ਗੋਲੀ ਦੋਸ਼ੀ ਦੀ ਲੱਤ ਵਿੱਚ ਲੱਗੀ। ਜਿਸ ਤੋਂ ਬਾਅਦ ਉਹ ਡਿੱਗ ਪਿਆ ਅਤੇ ਪੁਲੀਸ ਨੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਨੇ ਪੁਲੀਸ ’ਤੇ ਹਮਲੇ ਦੌਰਾਨ 32 ਬੋਰ ਪਿਸਤੌਲ ਦੀ ਵਰਤੋਂ ਕੀਤੀ ਸੀ। ਪੁਲੀਸ ਵੱਲੋਂ ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਕੀਤੀ ਕਿ ਕੀ ਇਹ ਉਹੀ ਹਥਿਆਰ ਹੈ, ਜੋ ਨਵੀਨ ਅਰੋੜਾ ਦੇ ਕਤਲ ਵਿੱਚ ਵਰਤਿਆ ਗਿਆ ਸੀ। ਜ਼ਿਕਰਯੋਗ ਹੈ ਕਿ ਪੁਲੀਸ ਨੇ ਬੁੱਧਵਾਰ ਨੂੰ ਹਰਸ਼ ਅਤੇ ਕੰਨਵ ਵਜੋਂ ਪਛਾਣੇ ਗਏ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਨਵੀਨ ਅਰੋੜਾ ਕਤਲ ਕੇਸ ਦੇ ਸਹਿ-ਸਾਜ਼ਿਸ਼ਘਾੜੇ ਸਨ।

LEAVE A REPLY

Please enter your comment!
Please enter your name here