ਰਈਆ ਨੇੜੇ ਗੈਂਗਸਟਰ ਮੁਕਾਬਲੇ ਦੌਰਾਨ ਹਲਾਕ, ਸਾਥੀ ਕਾਬੂ

0
185

ਰਈਆ ਨੇੜੇ ਗੈਂਗਸਟਰ ਮੁਕਾਬਲੇ ਦੌਰਾਨ ਹਲਾਕ, ਸਾਥੀ ਕਾਬੂ
ਰਈਆ : ਸਥਾਨਕ ਰਈਆ ਨਿੱਜਰ ਲਿੰਕ ਰੋਡ ’ਤੇ ਪਿੰਡ ਨਿੱਜਰ ਕੋਲ ਅੱਜ ਵੱਡੇ ਤੜਕੇ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਗੈਂਗਸਟਰ ਮਾਰਿਆ ਗਿਆ। ਪੁਲੀਸ ਨੇ ਗੈਂਗਸਟਰ ਦੇ ਇਕ ਸਾਥੀ ਨੂੰ ਕਾਬੂ ਕਰ ਲਿਆ ਤੇ ਮੁਕਾਬਲੇ ਦੌਰਾਨ ਪੁਲੀਸ ਦਾ ਏਐਸਆਈ ਜ਼ਖ਼ਮੀ ਹੋ ਗਿਆ।
ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਸ ਇਲਾਕੇ ਵਿੱਚ ਕੁਝ ਲੋਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹਨ। ਪੁਲੀਸ ਪਾਰਟੀ ਨੇ ਪਿੰਡ ਨਿੱਜਰ ਕੋਲ ਨਾਕੇਬੰਦੀ ਦੌਰਾਨ ਵਹੀਕਲ ਸਵਾਰ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਉਨ੍ਹਾਂ ਨੇ ਰੁਕਣ ਦੀ ਥਾਂ ਪੁਲੀਸ ਪਾਰਟੀ ’ਤੇ ਗੋਲੀ ਚਲਾ ਦਿੱਤੀ। ਪੁਲੀਸ ਦੀ ਜਵਾਬੀ ਫਾਇਰਿੰਗ ਵਿਚ ਰਾਜਨ ਬਿੱਲਾ ਉਰਫ ਰਾਜਾ ਵਾਸੀ ਪੱਟੀ ਨਾਮੀ ਗੈਂਗਸਟਰ ਮਾਰਿਆ ਗਿਆ ਅਤੇ ਉਸ ਦਾ ਸਾਥੀ ਸ਼ੰਮੀ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੁਵੱਲੀ ਗੋਲੀਬਾਰੀ ਦੌਰਾਨ ਏਐੱਸਾਈ ਸ਼ੰਕਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਕਲੇਰ ਹਸਪਤਾਲ ਰਈਆ ਲਿਆਂਦਾ ਗਿਆ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਕਤ ਗੈਂਗਸਟਰ ਵਿਦੇਸ਼ ਵਿੱਚ ਬੈਠੇ ਕਿਸੇ ਆਕਾ ਦੇ ਕਹਿਣ ’ਤੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ ਅਤੇ ਉਨ੍ਹਾਂ ਪਿੰਡ ਧੂਲਕਾ ਵਿੱਚ ਮਨਜੀਤ ਸਿੰਘ ਦੇ ਪਰਿਵਾਰ ਤੋਂ 50 ਲੱਖ ਦੀ ਫਿਰੌਤੀ ਮੰਗੀ ਸੀ। ਪਰਿਵਾਰ ਵੱਲੋਂ ਰਕਮ ਨਾ ਦਿੱਤੇ ਜਾਣ ਕਰਕੇ ਉਨ੍ਹਾਂ ਮਨਜੀਤ ਸਿੰਘ ਨੂੰ ਮਾਰ ਦਿੱਤਾ ਸੀ। ਇਸ ਸਬੰਧੀ ਹੋਰ ਤਫਤੀਸ਼ ਜਾਰੀ ਹੈ ਜਿਸ ਵਿੱਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਪੁਲੀਸ ਵੱਲੋਂ ਮੌਕੇ ਤੋਂ ਦੋ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇਸ ਮੌਕੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਸਹੇਲ ਮੀਰ, ਗੁਰਵਿੰਦਰ ਸਿੰਘ ਨਾਗਰਾ, ਡੀਐਸਪੀ ਬਾਬਾ ਬਕਾਲਾ ਅਰੁਣ ਸ਼ਰਮਾ ਅਤੇ ਹੋਰ ਪੁਲੀਸ ਪਾਰਟੀ ਮੌਜੂਦ ਸੀ।

LEAVE A REPLY

Please enter your comment!
Please enter your name here