ਬਠਿੰਡਾ ਅਦਾਲਤ ’ਚ ਕੰਗਨਾ ਖ਼ਿਲਾਫ਼ ਦੋਸ਼ ਆਇਦ
ਬਠਿੰਡਾ,: ਹਿਮਾਚਲ ਪ੍ਰਦੇਸ਼ ਦੇ ਲੋਕ ਸਭਾ ਹਲਕਾ ਮੰਡੀ ਤੋਂ ਲੋਕ ਸਭਾ ਮੈਂਬਰ ਅਤੇ ਫ਼ਿਲਮੀ ਅਦਾਕਾਰਾ ਕੰਗਨਾ ਰਣੌਤ ਖੁਦ ਪੇਸ਼ ਨਹੀਂ ਹੋਏ ਉਸ ਦੇ ਵਕੀਲ ਨੇ ਮੌਕਾ ਸਾਂਭਿਆ। ਕੰਗਨਾ ਰਣੌਤ ਖ਼ਿਲਾਫ਼ ਚਾਰਜ ਫਰੇਮ ਕਰ ਦਿੱਤੇ ਗਏ ਹਨ। ਸੁਣਵਾਈ ਦੌਰਾਨ ਮੁਦੱਈ ਧਿਰ ਦੇ ਵਕੀਲ ਰਘਬੀਰ ਸਿੰਘ ਵੈਹਣੀਵਾਲ ਨੇ ਅਗਲੀਆਂ ਸੁਣਵਾਈਆਂ ਮੌਕੇ ਵੀਡੀਓ ਕਾਨਫਰੰਸਿੰਗ (ਵੀਸੀ) ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਮੰਗੀ ਸੀ। ਹੁਣ ਵੀ ਕੰਗਨਾ ਦੇ ਵਕੀਲਾਂ ਨੇ ਸੁਰੱਖਿਆ ਦੇ ਲਿਹਾਜ਼ ਨਾਲ ਕੰਗਨਾ ਨੂੰ ਅਦਾਲਤੀ ਪੇਸ਼ੀ ਤੋਂ ਛੋਟ ਦੇਣ ਬਾਰੇ ਫਿਰ ਅਰਜ਼ੀ ਦਾਇਰ ਕੀਤੀ। ਅਰਜ਼ੀ ’ਚ ਏਅਰਪੋਰਟ ’ਤੇ ਕੰਗਨਾ ’ਤੇ ਹੋਏ ਹਮਲੇ ਅਤੇ ਕੁੱਝ ਐਫਆਈਆਰ ਨੂੰ ਹਵਾਲਾ ਬਣਾਇਆ ਗਿਆ। ਹੁਣ ਕੰਗਨਾ ਦੇ ਵਕੀਲ 4 ਦਸੰਬਰ ਨੂੰ ਅਗਲੀ ਪੇਸ਼ੀ ਮੌਕੇ ਆਪਣਾ ਜਵਾਬ ਦਾਇਰ ਕਰਨਗੇ। ਪਿਛਲੀ ਸੁਣਵਾਈ ਸਮੇਂ ਕੰਗਨਾ ਰਣੌਤ ਨੇ ਮਹਿਲਾ ਕਿਸਾਨਾਂ ਬਾਰੇ ਟਵੀਟ ਕੀਤੇ ਆਪਣੇ ਟਵੀਟ ਲਈ ਅਦਾਲਤ ਵਿੱਚ ਮੁਆਫ਼ੀ ਮੰਗੀ ਸੀ। ਆਪਣੀ ਪੇਸ਼ੀ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਸੀ ਕਿ ‘ਇਹ ਇੱਕ ਗ਼ਲਤਫ਼ਹਿਮੀ ਸੀ। ਮੈਂ ਮਾਤਾ ਨੂੰ ਸੁਨੇਹਾ ਭੇਜਿਆ ਹੈ ਕਿ ਉਹ ਗ਼ਲਤਫ਼ਹਿਮੀ ਦਾ ਸ਼ਿਕਾਰ ਹੋਈ ਹੈ। ਇਹ ਮੇਰਾ ਇਰਾਦਾ ਨਹੀਂ ਸੀ।’
ਇਹ ਮਾਮਲਾ 2021 ਵਿੱਚ ਹੋਏ ਕਿਸਾਨਾਂ ਅੰਦੋਲਨ ਦਾ ਹੈ। ਉਦੋਂ ਕੰਗਨਾ ਰਣੌਤ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆ ਦੀ 87 ਸਾਲਾ ਬਿਰਧ ਮਹਿਲਾ ਮਹਿੰਦਰ ਕੌਰ ਬਾਰੇ ਟਵੀਟ ਕਰਦਿਆਂ 100-100 ਰੁਪਏ ਲੈ ਕੇ ਧਰਨੇ ਵਿਚ ਸ਼ਾਮਿਲ ਹੋਣ ਵਾਲੀ ਔਰਤ ਦੱਸਿਆ ਸੀ। ਮਹਿੰਦਰ ਕੌਰ ਨੇ ਇਸ ਟਵੀਟ ਨੂੰ ਲੈ ਕੇ ਕੰਗਨਾ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ।
