ਪਾਕਿਸਤਾਨ ਵਿੱਚ ‘ਹਨੇਰਗਰਦੀ’ ਵਾਲਾ ਦੌਰ : ਇਮਰਾਨ ਦੀ ਭੈਣ ਵੱਲੋਂ ਬਿਆਨ
ਲਾਹੌਰ :ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ ਨੌਰੀਨ ਨਿਆਜ਼ੀ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੂੰ ‘ਤਾਨਾਸ਼ਾਹ’ ਕਿਹਾ ਅਤੇ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਨੂੰ ਦੇਸ਼ ਦੇ ਇਤਿਹਾਸ ਦੀ ਸਭ ਤੋਂ ’ਗੈਰ-ਲੋਕਪ੍ਰਿਯ’ ਸਰਕਾਰ ਦੱਸਿਆ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਆਪਣੇ ਸਭ ਤੋਂ ਹਨੇਰੇ ਵਾਲੇ ਦੌਰ ਵਿੱਚੋਂ ਲੰਘ ਰਿਹਾ ਹੈ ਅਤੇ ਹਿਟਲਰ-ਯੁੱਗ ਵਰਗਾ ਜ਼ੁਲਮ ਦੇਖ ਰਿਹਾ ਹੈ,ਜਿੱਥੇ ਨਾਗਰਿਕਾਂ ਨੂੰ ਬਿਨਾਂ ਕਿਸੇ ਜਵਾਬਦੇਹੀ ਦੇ ਮਾਰਿਆ,ਕੁੱਟਿਆ ਅਤੇ ਜੇਲ੍ਹ ਭੇਜਿਆ ਜਾ ਰਿਹਾ ਹੈ।
ਨੌਰੀਨ ਨੇ ਕਿਹਾ,‘ਪਾਕਿਸਤਾਨ ਆਪਣੇ ਸਭ ਤੋਂ ਹਨੇਰੇ ਦੌਰ ਵਿੱਚੋਂ ਲੰਘ ਰਿਹਾ ਹੈ। ਅਸੀਂ ਜ਼ਾਲਮਾਂ ਦੀਆਂ ਕਹਾਣੀਆਂ ਪੜ੍ਹਦੇ ਹੁੰਦੇ ਸੀ; ਹੁਣ ਅਸੀਂ ਉਹ ਜੀਅ ਰਹੇ ਹਾਂ। ਲੋਕਾਂ ਨੂੰ ਅਗਵਾ ਕੀਤਾ ਜਾ ਰਿਹਾ ਹੈ ਅਤੇ ਮਾਰਿਆ ਜਾ ਰਿਹਾ ਹੈ। ਮੈਂ ਪਿਸ਼ਾਵਰ ਵਿੱਚ ਇੱਕ ਨੌਜਵਾਨ ਨੂੰ ਮਿਲੀ — ਜਿਸ ਨੂੰ ਪਿਛਲੇ ਸਾਲ 26 ਨਵੰਬਰ ਨੂੰ ਸਿਰ ਵਿੱਚ ਗੋਲੀ ਮਾਰੀ ਗਈ ਸੀ — ਉਹ ਅਧਰੰਗ ਪੀੜਤ ਹੈ,ਉਸਦਾ ਸਰੀਰ ਤਬਾਹ ਹੋ ਗਿਆ ਹੈ। ਅਜਿਹੇ ਅਣਗਿਣਤ ਮਾਮਲੇ ਹਨ।’
ਨੌਰੀਨ ਦਾ ਭਰਾ ਇਮਰਾਨ ਖਾਨ ਜੋ ਪਾਕਿਸਤਾਨ ਤਹਿਰੀਕ-ਏ-ਇਨਸਾਫ ਦਾ ਸਰਪ੍ਰਸਤ-ਮੁਖੀ ਹੈ,ਅਗਸਤ 2023 ਤੋਂ ਕਈ ਮਾਮਲਿਆਂ ਵਿੱਚ ਜੇਲ੍ਹ ਵਿੱਚ ਹੈ। ਸਰਕਾਰ ਨੇ ਇੱਕ ਮਹੀਨੇ ਤੋਂ ਵੱਧ ਸਮੇਂ ਲਈ ਉਸ ਨਾਲ ਮੁਲਾਕਾਤਾਂ ’ਤੇ ਅਣ-ਐਲਾਨੀ ਪਾਬੰਦੀ ਲਗਾਈ ਹੋਈ ਹੈ।
ਨੌਰੀਨ ਨਿਆਜ਼ੀ ਅਤੇ ਇਮਰਾਨ ਖਾਨ ਦੀਆਂ ਹੋਰ ਭੈਣਾਂ ਅਲੀਮਾ ਖਾਨ ਅਤੇ ਡਾ:ਉਜ਼ਮਾ ਖਾਨ,ਨੂੰ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰਨ ਤੋਂ ਬਾਅਦ ਹੋਰ ਪਾਕਿਸਤਾਨ ਤਹਿਰੀਕ-ਏ-ਇਨਸਾਫ (P“9) ਮੈਂਬਰਾਂ ਦੇ ਨਾਲ ਅਡਿਆਲਾ ਜੇਲ੍ਹ ਦੇ ਬਾਹਰ ਡੇਰਾ ਲਾਉਣਾ ਪਿਆ। ਰਿਪੋਰਟਾਂ ਅਨੁਸਾਰ ਪਿਛਲੇ ਹਫ਼ਤੇ ਉਨ੍ਹਾਂ ’ਤੇ ਪਾਕਿਸਤਾਨ ਦੀ ਪੰਜਾਬ ਪੁਲੀਸ ਦੁਆਰਾ ਹਮਲਾ ਕੀਤਾ ਗਿਆ ਸੀ।
ਨੌਰੀਨ ਨੇ ਚੇਤਾਵਨੀ ਦਿੱਤੀ ਕਿ ਲੋਕਾਂ ਵਿੱਚ ਗੁੱਸਾ ਵਧ ਰਿਹਾ ਹੈ। ਨਾਗਰਿਕ ਸਰਕਾਰ ਅਤੇ ਇਮਰਾਨ ਖਾਨ ਦੀ ਕੈਦ ਤੋਂ ਤੰਗ ਆ ਚੁੱਕੇ ਹਨਅਤੇ ਇੱਕ ਛੋਟੀ ਜਿਹੀ ਚੰਗਿਆੜੀ ਵੀ ਵਿਆਪਕ ਵਿਰੋਧ ਪ੍ਰਦਰਸ਼ਨਾਂ ਨੂੰ ਭੜਕਾ ਸਕਦੀ ਹੈ।
