ਕੈਨੇਡਾ ਪੁਲੀਸ ਵੱਲੋਂ ਹਰਸਿਮਰਤ ਰੰਧਾਵਾ ਦੇ ਕਾਤਲਾਂ ਦੀ ਪਛਾਣ

ਕੈਨੇਡਾ ਪੁਲੀਸ ਵੱਲੋਂ ਹਰਸਿਮਰਤ ਰੰਧਾਵਾ ਦੇ ਕਾਤਲਾਂ ਦੀ ਪਛਾਣ

0
211

ਕੈਨੇਡਾ ਪੁਲੀਸ ਵੱਲੋਂ ਹਰਸਿਮਰਤ ਰੰਧਾਵਾ ਦੇ ਕਾਤਲਾਂ ਦੀ ਪਛਾਣ

ਵੈਨਕੂਵਰ : ਹੈਮਿਲਟਨ ਪੁਲੀਸ ਨੇ ਹਰਸਿਮਰਤ ਕੌਰ ਰੰਧਾਵਾ (21) ਦੇ ਕਾਤਲਾਂ ਦੀ ਪਛਾਣ ਕਰ ਲਈ ਹੈ। ਰੰਧਾਵਾ ਦੀ 17 ਅਪਰੈਲ ਨੂੰ ਉਂਟਾਰੀਓ ਵਿਚ ਕੰਮ ਤੋਂ ਘਰ ਜਾਂਦਿਆਂ ਦੋ ਗਰੋਹਾਂ ਦੀ ਆਪਸੀ ਗੋਲੀਬਾਰੀ ਵਿਚ ਗੋਲੀ ਲੱਗਣ ਕਰਕੇ ਮੌਤ ਹੋ ਗਈ ਸੀ। ਪੁਲੀਸ ਨੇ ਵਾਰਦਾਤ ਲਈ ਵਰਤੀਆਂ ਦੋਵੇ ਕਾਰਾਂ ਕਬਜ਼ੇ ਵਿੱਚ ਲੈ ਲਈਆਂ ਸਨ। ਚਿੱਟੇ ਰੰਗ ਦੀ ਹੁੰਡਈ ਅਲਾਂਟਰਾ ਅਤੇ ਕਾਲੇ ਰੰਗ ਦੀ ਮਰਸੀਡੀਜ਼ ਦੀ ਫੌਰੈਂਸਿਕ ਜਾਂਚ ਦੌਰਾਨ ਪੁਲੀਸ ਨੇ ਕਾਤਲਾਂ ਵਿਰੁੱਧ ਠੋਸ ਸਬੂਤ ਇਕੱਤਰ ਕੀਤੇ ਹਨ।

ਮਾਮਲੇ ਦੇ ਤਫ਼ਤੀਸ਼ੀ ਅਧਿਕਾਰੀ ਐਲੇਕਸ ਬੱਕ ਅਨੁਸਾਰ ਘਟਨਾ ਸਥਾਨ ਦੁਆਲੇ ਸੀਸੀਟੀਵੀ ਕੈਮਰਿਆਂ ’ਚੋਂ ਕਾਰਾਂ ਦੀ ਪਛਾਣ ਕਰਕੇ ਚਿੱਟੀ ਕਾਰ ਤਾਂ ਘਟਨਾ ਦੇ ਅਗਲੇ ਦਿਨ ਟਰਾਂਟੋਂ ਤੋਂ ਫੜ ਲਈ ਸੀ, ਪਰ ਕਾਲੀ ਕਾਰ ਤੀਜੇ ਦਿਨ ਹੈਮਿਲਟਨ ਤੋਂ ਫੜੀ ਗਈ। ਦੋਵਾਂ ਕਾਰਾਂ ’ਚੋਂ ਇਕੱਤਰ ਕੀਤੀ ਜਾਣਕਾਰੀ ਦੇ ਅਧਾਰ ’ਤੇ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਤੇ ਉਨ੍ਹਾਂ ਨੂੰ ਫੜਨ ਲਈ ਯਤਨ ਕੀਤੇ ਜਾ ਰਹੇ ਹਨ।

ਉਂਝ ਪੁਲੀਸ ਨੇ ਕਿਹਾ ਕਿ ਹਰਸਿਮਰਤ ਕੌਰ ਰੰਧਾਵਾ ਦੋਸ਼ੀਆਂ ਦੇ ਨਿਸ਼ਾਨੇ ’ਤੇ ਨਹੀਂ ਸੀ, ਪਰ ਉਨ੍ਹਾਂ ਦੀ ਆਪਸੀ ਗੋਲੀਬਾਰੀ ਦਾ ਸ਼ਿਕਾਰ ਬਣੀ। ਜ਼ਿਕਰਯੋਗ ਹੈ ਕਿ ਸ੍ਰੀ ਗੋਇੰਦਵਾਲ ਸਾਹਿਬ ਨੇੜਲੇ ਪਿੰਡ ਧੂੰਦਾ ਦੀ ਹਰਸਿਮਰਤ ਰੰਧਾਵਾ ਚਾਰ ਕੁ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਆਈ ਸੀ ਤੇ ਹੈਮਿਲਟਨ ਵਿਚ ਰਹਿ ਰਹੀ ਸੀ। ਘਟਨਾ ਵਾਲੇ ਦਿਨ ਉਹ ਕੰਮ ਅਤੇ ਹੋਰ ਰੁਝੇਵਿਆਂ ਤੋਂ ਵੇਲੀ ਹੋ ਕੇ ਅੱਪਰ ਜੇਮਜ਼ ਸਟਰੀਟ ਅਤੇ ਸਾਊਥ ਬੈਂਡ ਰੋਡ ਵਾਲੇ ਬੱਸ ਸਟੌਪ ਤੋਂ ਘਰ ਨੂੰ ਜਾਣ ਲੱਗੀ ਤਾਂ ਦੋ ਧੜਿਆਂ ਦੀ ਆਪਸੀ ਗੋਲੀਬਾਰੀ ਦਾ ਸ਼ਿਕਾਰ ਬਣ ਗਈ ਤੇ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ ਸੀ।

LEAVE A REPLY

Please enter your comment!
Please enter your name here