ਭਾਰਤ-ਪਾਕਿਸਤਾਨ ਦੀ ਲੜਾਈ ਦਾ ਅਸਲ ਸੱਚ

ਭਾਰਤ-ਪਾਕਿਸਤਾਨ ਦੀ ਲੜਾਈ ਦਾ ਅਸਲ ਸੱਚ

0
199

ਭਾਰਤ-ਪਾਕਿਸਤਾਨ ਦੀ ਲੜਾਈ ਦਾ ਅਸਲ ਸੱਚ

ਅਖੌਤੀ ਮੀਡੀਆ ਦੀਆਂ ਗੈਰ-ਜਿੰਮੇਵਾਰ ਹਰਕਤਾਂ ਤੇ ਗਲਤ ਦਾਵਿਆਂ ਤੋਂ ਦੋਹਾਂ ਦੇਸ਼ਾਂ ਦੇ ਲੋਕ ਪ੍ਰੇਸ਼ਾਨ

ਭਾਰਤ-ਪਾਕਿਸਤਾਨ ’ਚ ਭਾਵੇਂ ਕਿ ਹੁਣ ‘ਜੰਗਬੰਦੀ’ ਦਾ ਐਲਾਨ ਹੋ ਚੁੱਕਾ ਹੈ ਅਤੇ ਮਾਹੌਲ ਸ਼ਾਂਤੀ ਪੂਰਵਕ ਹੈ। ਜੰਗ ਦੌਰਾਨ ਦੋਹਾਂ ਦੇਸ਼ਾਂ ਦੇ ਇਲੈਕਟ੍ਰੋਨਿਕ ਮੀਡੀਆ ਦੀਆਂ ਗੈਰ-ਜਿੰਮੇਵਾਰਾਨਾ ਹਰਕਤਾਂ ਕਰਕੇ ਵੱਡੇ ਸਵਾਲ ਖੜ੍ਹੇ ਹੋਏ ਹਨ। ਇਸ ਸੰਬੰਧੀ ‘ਅਮੇਜਿੰਗ ਟੀ.ਵੀ.’ ਵੱਲੋਂ ‘ਸਿੱਖਸ ਆਫ ਅਮੈਰਿਕਾ’ ਦੇ ਪ੍ਰੈਜੀਡੈਂਟ ਅਤੇ ਉੱਘੇ ਸਿੱਖ ਚਿੰਤਕ ਸ. ਜਸਦੀਪ ਸਿੰਘ ਜੈਸੀ ਨਾਲ ਵਿਸ਼ੇਸ਼ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਇਸ ਲੜਾਈ ਦੌਰਾਨ ਵਾਪਰੀਆਂ ਤਲਖ਼ ਹਕੀਕਤਾਂ ਨੂੰ ਜਨਤਕ ਕੀਤਾ।

ਸ. ਵਰਿੰਦਰ ਸਿੰਘ ਚੀਫ ਐਡੀਟਰ ‘ਅਮੇਜਿੰਗ ਟੀ.ਵੀ.’ ਨਾਲ ਗੱਲਬਾਤ ਕਰਦਿਆਂ ਡਾ. ਜਸਦੀਪ ਸਿੰਘ ਜੈਸੀ ਨੇ ਕਿਹਾ ਕਿ ਲੜਾਈ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ, ਲੜਾਈ ਨੂੰ ਹਮੇਸ਼ਾਂ ਸ਼ਾਂਤੀ ਵੱਲ ਲੈ ਕੇ ਜਾਣਾ ਚਾਹੀਦਾ ਹੈ। ਜਦੋਂ ਪਹਿਲਗਾਮ ਵਿੱਚ ਅੱਤਵਾਦੀ ਹਮਲੇ ਵਿੱਚ 26 ਲੋਕਾਂ ਦੀ ਜਾਨ ਗਈ ਸੀ ਤਾਂ ਸਾਨੂੰ ਲਗਦਾ ਸੀ ਇੰਡੀਆ ਨੂੰ ਐਕਸ਼ਨ ਜ਼ਰੂਰ ਲੈਣਾ ਚਾਹੀਦਾ ਹੈ, ਪਰ ਐਕਸ਼ਨ ਤਾਂ ਹੋਇਆ ਨਹੀਂ ਪਰ ਦੋਹਾਂ ਦੇਸ਼ਾਂ ਦੇ ਮੀਡੀਆ ਦੀ ਵਾਰ ਜ਼ਿਆਦਾ ਲੱਗ ਰਹੀ ਸੀ। ਇਹ ਲੜਾਈ ਭਾਰਤ ਦੇ ਅਰਨਵ ਗੋਸਵਾਮੀ ਅਤੇ ਪਾਕਿਸਤਾਨ ਹਾਮਿਦ ਮੀਰ ਅਤੇ ਮੇਜਰ ਗੋਰਵ ਆਰੀਆ ਅਤੇ ਪਾਕਿਸਤਾਨ ਦੇ ਜਾਵੇਦ ਚੌਧਰੀ ਵਿੱਚ ਜ਼ਿਆਦਾ ਲੱਗ ਰਹੀ ਸੀ। ਜਿਵੇਂ ਕਿਹਾ ਜਾਂਦਾ ਹੈ ਕਿ ‘ਗੋਦੀ ਮੀਡੀਆ’ ਪਰ ਹੁਣ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਪ੍ਰਧਾਨ ਮੰਤਰੀ ‘ਮੀਡੀਆ’ ਦੀ ਗੋਦੀ ਵਿੱਚ ਬੈਠ ਕੇ ਹੀ ਲੜਾਈ ਲੜ ਰਹੇ ਸਨ, ਜੋ ਮੀਡੀਆ ਵੱਲੋਂ ਗੈਰ-ਜਿੰਮੇਵਾਰਾਨਾ ਗੱਲਾਂ ਕੀਤੀਆਂ ਜਾ ਰਹੀਆਂ ਸਨ, ਉਸ ਤਰ੍ਹਾਂ ਹੀ ਲੋਕਾਂ ਨੂੰ ਭਰਮ ਵਿੱਚ ਪਾਇਆ ਜਾ ਰਿਹਾ ਸੀ। ਇਸ ਅਖੌਤੀ ਮੀਡੀਆ ਕਾਰਨ ਇਸ ਤਰ੍ਹਾਂ ਦੱਸਿਆ ਜਾ ਰਿਹਾ ਸੀ ਕਿ ਭਾਰਤੀ ਫੌਜਾਂ ਨੇ ਅੱਧੇ ਪਾਕਿਸਤਾਨ ਉੱਤੇ ਕਬਜਾ ਕਰ ਲਿਆ ਹੈ, ਇਲਾਹਾਬਾਦ ਉਤੇ ਜਿੱਤ ਪ੍ਰਾਪਤ ਕਰਨ ਦੇ ਨੇੜੇ ਹੈ। ਪਾਕਿਸਤਾਨ ਤਰਾਹ-ਤਰਾਹ ਕਰ ਰਿਹਾ ਹੈ। ਜਦੋਂ ਦੋਹਾਂ ਦੇਸ਼ਾਂ ਵਿੱਚ ‘ਸੀਜ਼ ਫਾਇਰ’ ਹੋਇਆ ਤਾਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਸੁੱਖ ਦਾ ਸਾਹ ਲਿਆ, ਦੋਹਾਂ ਮੁਲਕਾਂ ਦੇ ਲੋਕਾਂ ਨੇ ਵੀ ਸ਼ਾਂਤੀ ਨੂੰ ਅਹਿਮ ਦੱਸਿਆ, ਪਰ ਇਹ ਅਖੌਤੀ ਇਲੈਕਟ੍ਰੋਨਿਕ ਮੀਡੀਆ ਚਾਹੁੰਦਾ ਸੀ ਕਿ ਲੜਾਈ ਕਿਉਂ ਰੁੱਕ ਗਈ, ਕਿਉਂਕਿ ਉਨ੍ਹਾਂ ਦੀ ਰੇਟਿੰਗ ਬਹੁਤ ਵੱਧ ਰਹੀ ਸੀ ਅਤੇ ਉਹ ਚਾਹੁੰਦੇ ਸੀ ਹੋਰ ਝੂਠ ਤੇ ਝੂਠ ਬੋਲਿਆ ਜਾਵੇ।

ਸ. ਜੈਸੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਭਾਰਤ ਸਰਕਾਰ ਆਪਣੇ ਇਸ ਅਖੌਤੀ ਮੀਡੀਆ ਦੀਆਂ ਗੈਰ-ਜ਼ਿੰਮੇਵਾਰਾਨਾ ਹਰਕਤਾਂ ਨੂੰ ਨੱਥ ਪਾਉਣ ਵਿੱਚ ਨਾਕਾਮ ਰਹੀ ਹੈ। ਇਸ ਜੰਗ ਨੇ ਦੋਹਾਂ ਦੇਸ਼ਾਂ ਦੀਆਂ ਗਲਤ ਫਹਿਮੀਆਂ ਨੂੰ ਠੱਲ੍ਹ ਪਾਈ ਹੈ। ਦੋਹਾਂ ਦੇਸ਼ਾਂ ਨੇ ਆਪਣੀਆਂ ਰੀਝਾਂ ਪੂਰੀਆਂ ਕਰ ਲਈਆਂ ਹਨ, ਜਿਵੇਂ ਕਿ ਭਾਰਤੀ ਫੌਜ ਸੋਚ ਰਹੀ ਸੀ ਕਿ ਮਕਬੂਜਾ ਕਸ਼ਮੀਰ ਮੁੜ ਲੈ ਲਿਆ ਜਾਵੇਗਾ ਅਤੇ ਪਾਕਿਸਤਾਨ ਕਹਿ ਰਿਹਾ ਸੀ ਦਿੱਲੀ ਨੂੰ ਮਲੀਆਮੇਟ ਕਰ ਦਿੱਤਾ ਜਾਵੇਗਾ ਦੋਹਾਂ ਦੇਸ਼ਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਇਸ ਤਰ੍ਹਾਂ ਹੋਣਾ ਕੋਈ ਸੌਖਾ ਨਹੀਂ।

ਭਾਰਤ ਜਿਥੇ ਪਾਕਿਸਤਾਨ ਵਿੱਚਲੇ ਅੱਤਵਾਦ ਦੀ ਸਿਖਲਾਈ ਦੇਣ ਵਾਲੇ ਸਥਾਨਾ ਨੂੰ ਟਾਰਗੇਟ ਕਰਨ ਦੀ ਗੱਲ ਕਰ ਰਿਹਾ ਹੈ, ਉਥੇ ਪਾਕਿਸਤਾਨ ਕਹਿ ਰਿਹਾ ਹੈ ਕਿ ਇਹ ਸਾਡੇ ਧਾਰਮਿਕ ਅਸਥਾਨ (ਮਸਜਿਦਾਂ) ਸਨ। ਇਸ ਤੋਂ ਇਲਾਵਾ ਭਾਰਤੀ ਹਮਲੇ ਦੌਰਾਨ ਮਾਰੇ ਗਏ ਅੱਤਵਾਦੀਆਂ ਦੀਆਂ ਅੰਤਿਮ ਰਸਮਾਂ ਸਮੇਂ ਅੱਤਵਾਦ ਅਤੇ ਪਾਕਿਸਤਾਨ ਫੌਜੀਆਂ ਦੀ ਸਾਂਝੀ ਮੌਜੂਦਗੀ ਇਹ ਦਰਸਾ ਰਹੀ ਸੀ ਕਿ ਕੁਝ ਵੀ ਬਦਲਿਆ ਨਹੀਂ ਹੈ, ਪਾਕਿਸਤਾਨ ਨੂੰ ਇਸ ਦਾ ਕੋਈ ਫਰਕ ਨਹੀਂ ਪਿਆ। ਇਸ ਲਈ ਇਸ ਲੜਾਈ ਦੌਰਾਨ ਦੋਹਾਂ ਦੇਸ਼ਾਂ ਦੇ ਉਦੇਸ਼ ਪੂਰੇ ਨਹੀਂ ਹੋਏ।

ਭਾਰਤ ਦੀ ਵਿਦੇਸ਼ ਨੀਤੀ ਉੱਤੇ ਚਰਚਾ ਕਰਦਿਆਂ ਸ. ਜੈਸੀ ਨੇ ਕਿਹਾ ਕਿ ਭਾਰਤ ਕਸ਼ਮੀਰ ਵਿੱਚ ਜੋ ਧਾਰਾ 370 ਹਟਾ ਸਮਝ ਰਿਹਾ ਸੀ ਕਿ ਅੱਤਵਾਦ ਉੱਤੇ ਕਾਬੂ ਪਾ ਲਿਆ ਜਾਵੇਗਾ ਅਤੇ ਪਾਕਿਸਤਾਨ ਉੱਤੇ ਬਿਨਾਂ ਕਿਸੇ ਵੱਡੇ ਦੇਸ਼ ਦੀ ਮੱਦਦ ਤੋਂ ਦਬਾਅ ਪਾ ਕੇ ਮਾਮਲਾ ਹੱਲ ਕਰ ਲਿਆ ਜਾਵੇਗਾ, ਪਰ ਉਨ੍ਹਾਂ ਨੂੰ ‘ਅਮਰੀਕਾ’ ਨੂੰ ਵਿਚਾਲੇ ਰੱਖਣਾ ਹੀ ਪਿਆ ਹੈ ਅਤੇ ਅਮਰੀਕੀ ਪ੍ਰੈਜੀਡੈਂਟ ਟਰੰਪ ਦੀ ਦਖਲ ਅੰਦਾਜੀ ਨਾਲ ਹੀ ਇਹ ਸਭ ਮਾਮਲਾ ਸ਼ਾਂਤ ਹੋ ਪਾਇਆ ਹੈ। ਸੋ ਇਹ ਸਭ ਭਾਰਤੀ ਵਿਦੇਸ਼ ਨੀਤੀ ਦੀ ਵੱਡੀ ਫੇਲੀਅਰ ਹੈ। ਅਮਰੀਕਾ ਜੋ ਲੜਾਈ ਤੋਂ ਕੁਝ ਦਿਨ ਪਹਿਲਾਂ ਕਹਿ ਰਿਹਾ ਸੀ ਕਿ ਇਹ ਦੋਵੇਂ ਦੇਸ਼ ਸੈਂਕੜੇ ਸਾਲਾਂ ਤੋਂ ਲੜਦੇ ਆ ਰਹੇ ਹਨ, ਆਪੇ ਹੀ ਲੜਕੇ ਹੱਟ ਜਾਣਗੇ, ਪਰ ਅਮਰੀਕਾ ਨੂੰ ਦਖਲ ਦੇ ਕੇ ਮਾਮਲਾ ਸ਼ਾਂਤ ਕਰਨਾ ਪਿਆ। ਅਸਲ ਵਿੱਚ ਲੱਗ ਰਿਹਾ ਹੈ ਅਮਰੀਕਾ ਦੀ ਇਜਾਜ਼ਤ ਨਾਲ ਹੀ ਇਹ ਲਿਮਟਿਡ ਜਿਹਾ ਐਕਸ਼ਨ ਹੋਇਆ ਸੀ ਪਰ ਇਸ ਨੂੰ ਅਮਰੀਕਾ ਵੱਲੋਂ ਹੀ ਜਲਦ ਖਤਮ ਕਰ ਦਿੱਤਾ ਗਿਆ। ਅਮਰੀਕਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਇੱਕ ਸੂਪਰ ਪਾਵਰ ਹੈ ਅਤੇ ਉਸ ਤੋਂ ਬਗੈਰ ਦੁਨੀਆਂ ’ਚ ਪੱਤਾ ਵੀ ਹਿੱਲ ਨਹੀਂ ਸਕਦਾ।

ਸ. ਜਸਦੀਪ ਸਿੰਘ ਜੈਸੀ ਨੇ ਕਿਹਾ ਕਿ ਭਾਵੇਂ ਕਿ ਭਾਰਤ ਦੁਨੀਆਂ ਵਿੱਚ ਵੱਡੀ ਪਾਵਰ ਬਣਨ ਦੇ ਦਾਅਵੇ ਕਰ ਰਿਹਾ ਹੈ, ਪਰ ਉਸ ਨੂੰ ਆਪਣੀ ਵਿਦੇਸ਼ ਨੀਤੀ ਵੱਲ ਧਿਆਨ ਦੇਣ ਦੀ ਲੋੜ ਹੈ। ਇਸ ਲੜਾਈ ਦੌਰਾਨ ਜਿਵੇਂ ਚਾਈਨਾ ਅਤੇ ਟਰਕੀ ਉਸ ਦੀ ਸਪੋਰਟ ਵਾਸਤੇ ਖੁੱਲ੍ਹ ਕੇ ਆਏ ਸਨ, ਪਰ ਕੋਈ ਵੀ ਮੁਲਕ ਭਾਰਤ ਦੀ ਸਪੋਰਟ ਵਾਸਤੇ ਖੁੱਲ੍ਹੇ ਰੂਪ ਵਿੱਚ ਨਹੀਂ ਨਿਤਰਿਆ। ਅਮਰੀਕਾ ਨੇ ਟਰੇਡ ਦਾ ਹਵਾਲਾ ਦੇ ਕੇ ਕਿਹਾ ਕਿ ਦੋਹਾਂ ਦੇਸ਼ਾਂ ਵਿੱਚ ਵਪਾਰ ਹੋਣਾ ਚਾਹੀਦਾ ਨਾ ਕਿ ਮਿਜ਼ਾਇਲਾਂ ਦਾ ਅਦਾਨ ਪ੍ਰਦਾਨ।

ਲੜਾਈ ਦੌਰਾਨ ਦੋਹਾਂ ਦੇਸ਼ਾਂ ਦਾ ਆਰਥਿਕ ਅਤੇ ਜਾਨੀ ਨੁਕਸਾਨ ਹੋਇਆ ਹੈ। ਦੋਹਾਂ ਦੇਸ਼ਾਂ ਵਿੱਚ ਸਾਡੇ ਮਿੱਤਰ ਮੌਜੂਦ ਹਨ, ਅਸੀਂ ਨਹੀਂ ਚਾਹੁੰਦੇ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋਵੇ। ਲੜਾਈ ਵਿੱਚ ਦੋਹਾਂ ਦੇਸ਼ਾਂ ਨੇ ਰੀਝਾਂ ਲਾਹ ਲਈਆਂ ਹਨ ਅਤੇ ਦੇਖ ਲਿਆ ਹੈ ਕਿ ਵਿਚਾਰ ਵਟਾਂਦਰੇ ਰਾਹੀਂ ਹੀ ਹੱਲ ਕੱਢੇ ਜਾ ਸਕਦੇ ਹਨ ਅਤੇ ਭਾਰਤ ਨੂੰ ਆਪਣੀਆਂ ਵਿਦੇਸ਼ ਨੀਤੀਆਂ ਵੱਲ ਮੁੜ ਤੋਂ ਵਿਚਾਰ ਕਰਨਾ ਚਾਹੀਦਾ ਹੈ।

ਡਾ. ਜੈਸੀ ਨੇ ਸਿੱਖਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖ ਜਿਸ ਵੀ ਮੁਲਕ ਵਿੱਚ ਹੁੰਦਾ ਹੈ ਉਸ ਦੇਸ਼ ਨਾਲ ਪੂਰੀ ਤਰ੍ਹਾਂ ਸਮਰਪਿਤ ਹੈ, ਭਾਵੇਂ ਸਿੱਖ ਭਾਰਤ ਦਾ ਹੋਵਾ ਜਾਂ ਪਾਕਿਸਤਾਨ ਦਾ ਉਹ ਪੂਰੀ ਤਰ੍ਹਾਂ ਆਪਣੇ ਆਪ ਦੇਸ਼ ਲਈ ਖੜ੍ਹਾ ਹੰੁਦਾ ਹੈ। ਪਰ ਗੁਰਪਤਵੰਤ ਸਿੰਘ ਪੰਨੂੰ ਨੇ ਜੋ ਗੱਲਾਂ ਕਹੀਆਂ ਹਨ ਕਿ ਭਾਰਤੀ ਸਿੱਖ, ਭਾਰਤੀ ਫੌਜ ਦਾ ਸਾਥ ਨਾ ਦੇਣ ਉਸ ਨੂੰ ਮੂੰਹ ਦੀ ਖਾਣੀ ਪਈ ਹੈ, ਉਸ ਦਾ ਕਿਰਦਾਰ ਪੂਰੀ ਤਰ੍ਹਾਂ ਨੰਗਾ ਹੋਇਆ ਹੈ। ਲੋਕਾਂ ਨੇ ਉਸ ਨੂੰ ਮੂੰਹ ਲਾਉਣਾ ਬੰਦ ਕੀਤਾ ਹੋਇਆ ਹੈ। ਭਾਰਤ ਖਿਲਾਫ ਪੰਜਾਬੀ ਨੌਜਵਾਨਾਂ ਨੂੰ ਪੈਸੇ ਦੇ ਕੇ ਕੋਝੀਆਂ ਹਰਕਤਾਂ ਕਰਵਾ ਰਿਹਾ ਹੈ ਅਤੇ ਫੜ੍ਹੇ ਜਾਣ ਉੱਤੇ ਉਨ੍ਹਾਂ ਨਾਲ ਸੰਪਰਕ ਬੰਦ ਕਰ ਦਿੰਦਾ ਹੈ ਅਤੇ ਉਹ ਜੇਲ੍ਹਾਂ ਵਿੱਚ ਸੜ ਰਹੇ ਹਨ।

ਮੁਲਾਕਾਤ ਦੇ ਅੰਤ ਵਿੱਚ ਡਾ. ਜੈਸੀ ਨੇ ਕਿਹਾ ਕਿ ਇਸ ਅਖੌਤੀ ਇਲੈਟ੍ਰੋਨਿਕ ਮੀਡੀਆ ਨੇ ਦੋਹਾਂ ਦੇਸ਼ਾਂ ਵਿੱਚ ਪਾੜ ਵਧਾਉਣ ਦਾ ਕੰਮ ਕੀਤਾ ਹੈ ਅਤੇ ਲੋਕਾਂ ਨੂੰ ਗੁਮਰਾਹ ਕਰਕੇ ਉਲਝਾਈ ਰੱਖਿਆ ਹੈ। ਪਰ ਸੂਪਰ ਪਾਵਰ ਅਮਰੀਕਾ ਨੇ ਇਸ ਮਾਮਲੇ ਨੂੰ ਸ਼ਾਂਤ ਕਰ ਲਿਆ ਹੈ ਅਤੇ ਭਵਿੱਖ ਵਿੱਚ ਵੀ ਭਾਰਤ-ਪਾਕਿ ਨੂੰ ਆਪਣੀਆਂ ਵਿਦੇਸ਼ ਨੀਤੀਆਂ ਤਬਦੀਲੀਆਂ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਜਾ ਸਕਦੀਆਂ ਹਨ। ਪੂਰੀਆਂ ਦੁਨੀਆਂ ਵਿੱਚ ਟਰੰਪ ਦੀਆਂ ਸਿਫਤਾਂ ਹੋ ਰਹੀਆਂ ਹਨ ਅਤੇ ਉਸ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਹੋ ਰਹੀ ਹੈ। ਚਾਈਨਾਂ ਨਾਲ ਟੈਰਿਫ ਵਾਰ ਨੂੰ ਠੱਲ੍ਹ ਪਈ ਹੈ ਅਤੇ ਅਮਰੀਕਾ ਅਤੇ ਟਰੰਪ ਸਾਰੀ ਦੁਨੀਆਂ ਦਾ ਚਹੇਤਾ ਬਣ ਰਿਹਾ ਹੈ ਇਸ ਤੋਂ ਅਸੀਂ ਬਹੁਤ ਖੁਸ਼ ਹਾਂ।

LEAVE A REPLY

Please enter your comment!
Please enter your name here