ਬਟਾਲਾ ਵਿਚ ਬੰਬ ਨੁਮਾ ਪਦਾਰਥ ਮਿਲਿਆ
ਬਟਾਲਾ: ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਕਸਬੇ ਵਿਚ ਸ਼ਨਿਚਰਵਾਰ ਨੂੰ ਇਕ ਸ਼ਰਾਬ ਦੇ ਠੇਕੇ ਦੇ ਬਾਹਰ ਬੰਬ ਨੁਮਾ(ਹੈਂਡ-ਗਰਨੇਡ) ਪਦਾਰਥ ਮਿਲਿਆ ਹੈ। ਪੁਲੀਸ ਨੇ ਦੱਸਿਆ ਕਿ ਇਕ ਬੰਬ ਨਿਰੋਧਕ ਟੀਮ ਨੂੰ ਬੁਲਾਇਆ ਗਿਆ ਅਤੇ ਇਲਾਕੇ ਨੂੰ ਘੇਰ ਲਿਆ ਗਿਆ ਹੈ। ਇਕ ਪੁਲੀਸ ਅਧਿਕਾਰੀ ਜਾਣਕਾਰੀ ਦਿੰਦਿਆਂ ਕਿਹਾ, ‘‘ਸਾਨੂੰ ਇਕ ਅਜਿਹੀ ਚੀਜ਼ ਬਾਰੇ ਜਾਣਕਾਰੀ ਮਿਲੀ ਜੋ ਬੰਬ ਵਰਗੀ ਦਿਖਾਈ ਦਿੰਦੀ ਹੈ, ਜਿਸ ਤੋਂ ਬਾਅਦ ਇਕ ਪੁਲੀਸ ਟੀਮ ਮੌਕੇ ’ਤੇ ਪਹੁੰਚ ਗਈ ਹੈ। ਇਸ ਤੋਂ ਇਲਾਵਾ ਇਕ ਬੰਬ ਨਿਰੋਧਕ ਟੀਮ ਨੂੰ ਵੀ ਬੁਲਾਇਆ ਗਿਆ ਹੈ।’’ ਅਧਿਕਾਰੀ ਨੇ ਕਿਹਾ ਕਿ ਵਸਤੂ ਦੀ ਸ਼ਕਲ ਇਕ ਗਰਨੇਡ ਵਰਗੀ ਲੱਗਦੀ ਹੈ। ਉਨ੍ਹਾਂ ਕਿਹਾ ਕਿ ਖੇਤਰ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾਵੇਗੀ।
ਐੱਸਐੱਸਪੀ ਬਟਾਲਾ ਸੁਹੇਲ ਮੀਰ ਅਨੁਸਾਰ ਬੰਬ ਨਿਰੋਧਕ ਮਾਹਿਰਾਂ ਨੂੰ ਤੁਰੰਤ ਤਾਇਨਾਤ ਕੀਤਾ ਗਿਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਇਸ ਨੂੰ ਸੁਰੱਖਿਅਤ ਢੰਗ ਨਾਲ ਹਟਾ ਦਿੱਤਾ ਗਿਆ ਹੈ। ਮੰਨੂ ਅਗਵਾਨ ਨਾਮ ਦੇ ਵਿਅਕਤੀ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ, ਪਰ ਇਹ ਉਸ ਦਾ ਸ਼ੌਹਰਤ ਲਈ ਸਟੰਟ ਵੀ ਹੋ ਸਕਦਾ ਹੈ।
