ਕਾਰ ਖੋਹਣ ਵਾਲੇ ਤਿੰਨ ਨੌਜਵਾਨ ਪੁਲੀਸ ਮੁਕਾਬਲਾ ’ਚ ਕਾਬੂ
ਅੰਮ੍ਰਿਤਸਰ : ਪੁਲੀਸ ਨੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਪਿਸਤੌਲ ਦੀ ਨੋਕ ’ਤੇ ਕਾਰ ਖੋਹਣ ਵਾਲੇ ਤਿੰਨ ਜਣਿਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਵਿੱਚੋਂ ਇੱਕ ਪੁਲੀਸ ਦੀ ਗੋਲੀ ਨਾਲ ਜ਼ਖਮੀ ਹੋ ਗਿਆ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖਤ ਕਮਲਪ੍ਰੀਤ ਸਿੰਘ ਵਾਸੀ ਏਕ ਰੂਪ ਐਵਨਿਊ ਵੱਜੋਂ ਹੋਈ ਹੈ, ਜੋ ਕਿ ਪੁਲੀਸ ਦੀ ਗੋਲੀ ਲੱਗਣ ਨਾਲ ਜ਼ਖਮੀ ਹੋਇਆ ਹੈ। ਇਸ ਤੋਂ ਇਲਾਵਾ ਗੁਰਭੇਜ ਸਿੰਘ ਉਰਫ ਭੇਜਾ ਵਾਸੀ ਜ਼ਿਲ੍ਹਾ ਤਰਨ ਤਾਰਨ ਅਤੇ ਵਸਨ ਸਿੰਘ ਵਾਸੀ ਜ਼ਿਲ੍ਹਾ ਤਰਨ ਤਾਰਨ ਸ਼ਾਮਲ ਹਨ। ਪੁਲੀਸ ਨੇ ਇਨ੍ਹਾਂ ਕੋਲੋਂ ਇੱਕ ਰਿਵਾਲਵਰ 32 ਬੋਰ, ਤਿੰਨ ਕਾਰਤੂਸ ਅਤੇ ਇੱਕ ਕਾਰ ਬਰਾਮਦ ਕੀਤੀ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 7 ਮਈ ਦੀ ਰਾਤ ਆਦੇਸ਼ ਕਪੂਰ ਨਾਂ ਦੇ ਵਿਅਕਤੀ ਕੋਲੋਂ ਅਣਪਛਾਤੇ ਵਿਅਕਤੀਆਂ ਨੇ ਪਿਸਤੌਲ ਦੀ ਨੋਕ ’ਤੇ ਕਾਰ ਖੋਹ ਲਈ ਸੀ। ਇਸ ਸਬੰਧ ਵਿੱਚ ਥਾਣਾ ਰਣਜੀਤ ਐਵਨਿਊ ਵਿਖੇ ਕੇਸ ਦਰਜ ਕੀਤਾ ਗਿਆ ਸੀ।
ਪੁਲੀਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਕਾਰ ਖੋਹਣ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਸੀ। ਇੰਸਪੈਕਟਰ ਰੋਬਿਨ ਹੰਸ ਨੂੰ ਸੂਚਨਾ ਮਿਲੀ ਕਿ ਕਾਰ ਖੋਹਣ ਵਾਲੇ ਵਿਅਕਤੀ ਬਿਨਾਂ ਨੰਬਰ ਕਾਰ ਨੂੰ ਲੈ ਕੇ ਹਾਊਸਿੰਗ ਬੋਰਡ ਕਲੋਨੀ ਵੱਲ ਆਉਂਦੇ ਹੋਏ ਦੇਖੇ ਗਏ ਹਨ। ਸੂਚਨਾ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਅਗਵਾਈ ਹੇਠ ਪੁਲੀਸ ਟੀਮਾਂ ਤਿਆਰ ਕੀਤੀਆਂ ਗਈਆਂ ਅਤੇ ਕਾਰ ਸਵਾਰਾਂ ਦੀ ਭਾਲ ਲਈ ਕੰਮ ਸ਼ੁਰੂ ਕੀਤਾ ਗਿਆ।