ਭਾਰਤੀਆਂ ਨੂੰ ਮਾਰਨ ਦੀ ਕੀਮਤ ਚੁਕਾਉਣੀ’ ਪਵੇਗੀ: ਥਰੂਰ
ਨਿਊਯਾਰਕ : ਕਾਂਗਰਸ ਆਗੂ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਪਹਿਲਗਾਮ ਹਮਲੇ ਮਗਰੋਂ ਇੱਕ ਨਵਾਂ ਪੈਮਾਨਾ ਬਣ ਰਿਹਾ ਹੈ ਕਿ ਪਾਕਿਸਤਾਨ ਵਿੱਚ ਬੈਠੇ ਕਿਸੇ ਵੀ ਵਿਅਕਤੀ ਨੂੰ ਇਹ ਮੰਨਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਕਿ ਉਹ ਸਰਹੱਦ ਪਾਰ ਕਰਕੇ ਭਾਰਤੀ ਨਾਗਰਿਕਾਂ ਨੂੰ ਮਾਰ ਦੇਵੇਗਾ ਅਤੇ ਉਸ ਨੂੰ ਕਿਸੇ ਸਜ਼ਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਥਰੂਰ ਨੇ ਕਿਹਾ ਕਿ ਅਜਿਹਾ ਕਰਨ ਵਾਲਿਆਂ ਨੂੰ ‘‘ਇਸ ਦੀ ਕੀਮਤ ਚੁਕਾਉਣੀ ਪਵੇਗੀ।’’
ਕਾਂਗਰਸ ਐਮ.ਪੀ. ਸ਼ਸ਼ੀ ਥਰੂਰ ਦੀ ਅਗਵਾਈ ਹੇਠ ਭਾਰਤੀ ਸੰਸਦ ਮੈਂਬਰਾਂ ਦਾ ਇੱਕ ਵਫ਼ਦ ਅਤਿਵਾਦ ਖ਼ਿਲਾਫ਼ ਭਾਰਤ ਦੇ ਦ੍ਰਿੜ ਇਰਾਦੇ ਨੂੰ ਪ੍ਰਗਟ ਕਰਨ ਅਤੇ ਅਤਿਵਾਦ ਨਾਲ ਪਾਕਿਸਤਾਨ ਦੇ ਸਬੰਧਾਂ ਨੂੰ ਉਜਾਗਰ ਕਰਨ ਲਈ ਵੱਖ ਵੱਖ ਦੇਸ਼ਾਂ ਦੇ ਦੌਰੇ ’ਤੇ ਹੈ।
ਥਰੂਰ ਨੇ ਸ਼ਨਿਚਰਵਾਰ ਨੂੰ ਇੱਥੇ ਭਾਰਤੀ-ਅਮਰੀਕੀ ਭਾਈਚਾਰੇ ਦੇ ਪ੍ਰਮੁੱਖ ਮੈਂਬਰਾਂ ਅਤੇ ਪ੍ਰਮੁੱਖ ਮੀਡੀਆ ਹਾਊਸਾਂ ਅਤੇ ਥਿੰਕ ਟੈਂਕਾਂ ਦੇ ਲੋਕਾਂ ਦੇ ਇੱਕ ਚੋਣਵੇਂ ਸਮੂਹ ਨੂੰ ਦੱਸਿਆ ਕਿ ਪਾਕਿਸਤਾਨ ਨੂੰ ਭਾਰਤ ਦਾ ਸੁਨੇਹਾ ਸਪੱਸ਼ਟ ਸੀ, ‘‘ਅਸੀਂ ਕੁਝ ਵੀ ਸ਼ੁਰੂ ਨਹੀਂ ਕਰਨਾ ਚਾਹੁੰਦੇ ਸੀ।’’ ਉਨ੍ਹਾਂ ਕਿਹਾ, ‘‘ਅਸੀਂ ਸਿਰਫ਼ ਅਤਿਵਾਦੀਆਂ ਨੂੰ ਸੁਨੇਹਾ ਦੇ ਰਹੇ ਸੀ। ਤੁਸੀਂ ਸ਼ੁਰੂ ਕੀਤਾ, ਅਸੀਂ ਜਵਾਬ ਦਿੱਤਾ। ਜੇ ਤੁਸੀਂ ਰੁਕੋਗੇ, ਤਾਂ ਅਸੀਂ ਰੁਕਾਂਗੇ। ਅਤੇ ਉਹ ਰੁਕ ਗਏ। ਇਹ ਟਕਰਾਅ 88 ਘੰਟੇ ਚੱਲਿਆ। ਪਿੱਛੇ ਮੁੜ ਕੇ ਦੇਖਦਿਆਂ ਅਸੀਂ ਬਹੁਤ ਨਿਰਾਸ਼ ਹਾਂ ਕਿਉਂਕਿ ਅਜਿਹਾ ਬਿਲਕੁਲ ਨਹੀਂ ਹੋਣਾ ਚਾਹੀਦਾ ਸੀ। ਲੋਕਾਂ ਦੀਆਂ ਜਾਨਾਂ ਗਈਆਂ। ਇਸ ਦੇ ਨਾਲ ਹੀ, ਅਸੀਂ ਇਸ ਤਜਰਬੇ ਨੂੰ ਇੱਕ ਨਵੇਂ ਦ੍ਰਿੜ ਇਰਾਦੇ ਨਾਲ ਦੇਖਦੇ ਹਾਂ।’’
ਉਨ੍ਹਾਂ ਕਿਹਾ ਕਿ ਹੁਣ ਇੱਕ ਨਵਾਂ ਪੈਮਾਨਾ ਬਣਨ ਜਾ ਰਿਹਾ ਹੈ ਕਿ ਪਾਕਿਸਤਾਨ ਵਿੱਚ ਬੈਠੇ ਕਿਸੇ ਵੀ ਵਿਅਕਤੀ ਨੂੰ ਇਹ ਮੰਨਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਕਿ ਉਹ ਸਰਹੱਦ ਪਾਰ ਕਰਕੇ ਭਾਰਤੀ ਨਾਗਰਿਕਾਂ ਨੂੰ ਮਾਰ ਦੇਵੇਗਾ ਅਤੇ ਉਸ ਨੂੰ ਕਿਸੇ ਸਜ਼ਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਦੀ ਕੀਮਤ ਚੁਕਾਉਣੀ ਪਵੇਗੀ ਤੇ ਇਹ ਕੀਮਤ ਯੋਜਨਾਬੱਧ ਢੰਗ ਨਾਲ ਵੱਧ ਰਹੀ ਹੈ।’’