ਪੰਚਾਇਤੀ ਜ਼ਮੀਨਾਂ ’ਤੇ ਸਰਕਾਰ ਦਾ ਕਬਜ਼ਾ ਨਹੀਂ ਹੋਣ ਦੇਵਾਂਗੇ: ਉਗਰਾਹਾਂ
ਮਾਨਸਾ : ਪਿੰਡ ਬਠੋਈ ਕਲਾਂ ਵਿੱਚ ਸ਼ਾਮਲਾਟ ਜ਼ਮੀਨ ’ਤੇ ਪ੍ਰਸ਼ਾਸਨ ਵੱਲੋਂ ਕਬਜ਼ਾ ਲੈਣ ਦੇ ਵਿਰੋਧ ’ਚ 13 ਮਈ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਚੱਲ ਰਿਹਾ ਪੱਕਾ ਮੋਰਚਾ ਸਮਾਪਤ ਹੋ ਗਿਆ ਹੈ੍ਟ ਜਾਣਕਾਰੀ ਅਨੁਸਾਰ ਅੱਜ ਪੱਕੇ ਮੋਰਚੇ ’ਚ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸ਼ਿਰਕਤ ਕੀਤੀ ਅਤੇ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਦੇ ਰਾਹ ’ਤੇ ਚੱਲਣ ਦਾ ਸੱਦਾ ਦਿੱਤਾ। ਇਸ ਦੌਰਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਵੀ ਕੀਮਤ ’ਤੇ ਜ਼ਮੀਨਾਂ ਉੱਪਰ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਸਰਕਾਰ ਨੂੰ ਕਬਜ਼ਾ ਲੈਣ ਲਈ ਕਿਸਾਨਾਂ ਦੀਆਂ ਲਾਸ਼ਾਂ ਤੋਂ ਲੰਘਣਾ ਪਵੇਗਾ। ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਅਸਲ ’ਚ ਕਾਰਪੋਰੇਟਾਂ ਲਈ ਧਰਤੀ ਵਿਛਾਈ ਜਾ ਰਹੀ ਹੈ ਤੇ ਜੇਕਰ ਇਹੀ ਹਾਲ ਰਿਹਾ ਤਾਂ ਕਿਸਾਨਾਂ ਲਈ ਨਾ ਹੀ ਵਾਹੀਯੋਗ ਜ਼ਮੀਨ ਰਹੇਗੀ ਤੇ ਨਾ ਹੀ ਰੁਜ਼ਗਾਰ ਦਾ ਕੋਈ ਵਸੀਲਾ ਬਚੇਗਾ੍ਟ ਉਨ੍ਹਾਂ ਆਖਿਆ ਕਿ ਆਉਣ ਵਾਲੇ ਸਮੇਂ ’ਚ ਪੰਜਾਬ ਸਰਕਾਰ ਕਈ ਹੋਰ ਪਿੰਡਾਂ ਵਿਚਲੀ ਪੰਚਾਇਤੀ ਜ਼ਮੀਨ ’ਤੇ ਕਬਜ਼ੇ ਕਰਨ ਦੀ ਤਾਕ ਵਿੱਚ ਹੈ ਤੇ ਸਰਕਾਰ ਦੀ ਇਸ ਸਾਜ਼ਿਸ਼ ਨੂੰ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਵੇਲੇ ਪੰਜਾਬ ਦੇ 700 ਪਿੰਡਾਂ ਦੀ ਜ਼ਮੀਨ ’ਤੇ ਸਰਕਾਰ ਦੀ ਨਜ਼ਰ ਹੈ। ਉਗਰਾਹਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਬਠੋਈ ਕਲਾਂ ਵਿੱਚ ਜਬਰੀ ਕਬਜ਼ਾ ਕਰਨ ਆਉਂਦਾ ਹੈ ਤਾਂ ਉਨ੍ਹਾਂ ਨੂੰ ਸਬਕ ਸਿਖਾਇਆ ਜਾਵੇ ਤਾਂ ਕਿ ਅਧਿਕਾਰੀ ਮੁੜ ਜ਼ਮੀਨ ਵਾਲੇ ਵੱਲ ਮੂੰਹ ਨਾ ਕਰ ਸਕਣ੍ਟ ਜਥੇਬੰਦੀ ਸੰਘਰਸ਼ੀ ਕਿਸਾਨੀ ਦੇ ਹੱਕ ’ਚ ਖੜ੍ਹੀ ਹੈ੍ਟ ਇਸ ਦੌਰਾਨ ਉਨ੍ਹਾਂ ਸਥਾਨਕ ਅਦਾਲਤ ਵੱਲੋਂ ਜ਼ਮੀਨ ਦੇ ਮਾਮਲੇ ਸਬੰਧੀ ਕਿਸਾਨਾਂ ਨੂੰ ਸਟੇਅ ਮਿਲਣ ’ਤੇ ਪੱਕੇ ਮੋਰਚੇ ਨੂੰ ਸਮਾਪਤ ਕਰਨ ਦਾ ਐਲਾਨ ਵੀ ਕੀਤਾ।