ਸਾਡੀਆਂ ਭੈਣਾਂ ਦਾ ਸਿੰਧੂਰ ਮਿਟਾਉਣ ਵਾਲਿਆਂ ਦਾ ਅੰਤ ਨੇੜੇ: ਪ੍ਰਧਾਨ ਮੰਤਰੀ
ਦਾਹੋਦ(ਗੁਜਰਾਤ) : ਗੁਜਰਾਤ ਦੇ ਸ਼ਹਿਰ ਦਾਹੋਦ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਾਕਿਸਤਾਨ ਦਾ ਇਕੋ ਇਕ ਨਿਸ਼ਾਨਾ ਭਾਰਤ ਨਾਲ ਨਫ਼ਰਤ ਕਰਨਾ ਤੇ ਉਸ ਨੂੰ ਨੁਕਸਾਨ ਪਹੁੰਚਾਉਣ ਦੇ ਢੰਗ ਤਰੀਕੇ ਬਾਰੇ ਸੋਚਣਾ ਹੈ ਜਦੋਂਕਿ ਸਾਡੇ ਮੁਲਕ ਨੇ ਗਰੀਬੀ ਖ਼ਤਮ ਕਰਨ ਤੇ ਆਰਥਿਕ ਤਰੱਕੀ ਲਿਆਉਣ ਜਿਹੇ ਟੀਚੇ ਮਿੱਥੇ ਹੋਏ ਹਨ।
ਉਨ੍ਹਾਂ ਨੇ ਅਹਿਮਦਾਬਾਦ-ਵੇਰਾਵਲ ਵੰਦੇ ਭਾਰਤ ਸੇਵਾ ਅਤੇ ਵਲਸਾਡ-ਦਾਹੋਦ ਐਕਸਪ੍ਰੈਸ ਟ੍ਰੇਨ ਨੂੰ ਹਰੀ ਝੰਡੀ ਦਿਖਾਈ ਅਤੇ ਇਕੱਠ ਨੂੰ ਦੱਸਿਆ ਕਿ ਅਤਿ-ਆਧੁਨਿਕ ਵੰਦੇ ਭਾਰਤ ਟਰੇਨਾਂ ਹੁਣ ਦੇਸ਼ ਭਰ ਦੇ 70 ਰੂਟਾਂ ’ਤੇ ਚੱਲ ਰਹੀਆਂ ਹਨ।
‘ਜਿਹੜੇ ਸਾਡੀਆਂ ਭੈਣਾਂ ਦਾ ਸਿੰਧੂਰ ਮਿਟਾਉਣ ਦੀ ਹਿੰਮਤ ਕਰਦੇ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਅੰਤ ਨੇੜੇ ਹੈ।’
ਉਨ੍ਹਾਂ ਕਿਹਾ ‘ਜਿਹੜਾ ਮੁਲਕ ਦੇਸ਼ ਵੰਡ ਮਗਰੋਂ ਹੋਂਦ ਵਿਚ ਆਇਆ ਸੀ, ਭਾਰਤ ਪ੍ਰਤੀ ਨਫ਼ਰਤ ਨੂੰ ਲੈ ਕੇ ਜਿਊਂਦਾ ਹੈ। ਇਹ ਸਿਰਫ਼ ਭਾਰਤ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ। ਜਦੋਂਕਿ ਭਾਰਤ ਦਾ ਟੀਚਾ ਗਰੀਬੀ ਹਟਾਉਣਾ, ਆਰਥਿਕ ਵਿਕਾਸ ਲਿਆਉਣਾ ਤੇ ਵਿਕਸਤ ਮੁਲਕ ਬਣਨਾ ਹੈ। ਸਾਡੀ ਸਰਕਾਰ ਦੀ ਨੀਤੀ ਵਿਕਾਸ ਨੂੰ ਉਨ੍ਹਾਂ ਖੇਤਰਾਂ ਤੱਕ ਲਿਜਾਣ ਦੀ ਹੈ ਜੋ ਪੱਛੜੇ ਰਹਿ ਗਏ ਹਨ।’’ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੋਲੀ, ਦੀਵਾਲੀ ਤੇ ਗਣੇਸ਼ ਪੂਜਾ ਜਿਹੇ ਤਿਉਹਾਰਾਂ ਮੌਕੇ ਭਾਰਤ ਵਿਚ ਬਣੇ ਉਤਪਾਦ ਹੀ ਖਰੀਦਣ ਤੇ ਵਰਤਣ। ਪ੍ਰਧਾਨ ਮੰਤਰੀ ਨੇ ਕਿਹਾ ‘ਸਾਨੂੰ ਆਪਣੇ ਦੇਸ਼ ਦੀ ਤਰੱਕੀ ਲਈ ਜੋ ਵੀ ਚਾਹੀਦਾ ਹੈ, ਉਹ ਭਾਰਤ ਵਿੱਚ ਹੀ ਹੋਣਾ ਚਾਹੀਦਾ ਹੈ।’’
ਸ੍ਰੀ ਮੋਦੀ ਇੱਥੇ 24,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ, ਜਿਸ ਵਿੱਚ ਇੱਕ ਲੋਕੋਮੋਟਿਵ ਨਿਰਮਾਣ ਪਲਾਂਟ ਵੀ ਸ਼ਾਮਲ ਹੈ, ਦੀ ਸ਼ੁਰੂਆਤ ਕਰਨ ਤੋਂ ਬਾਅਦ ਰੈਲੀ ਵਿੱਚ ਬੋਲ ਰਹੇ ਸਨ।