ਚਰਚਿਤ ਕਾਂਸਟੇਬਲ ਅਮਨਦੀਪ ਕੌਰ ਮੁੜ ਗ੍ਰਿਫ਼ਤਾਰ
ਮੁਕਤਸਰ : ਵਿਜੀਲੈਂਸ ਬਿਊਰੋ ਨੇ ਸੋਸ਼ਲ ਮੀਡੀਆ ’ਤੇ ‘ਇੰਸਟਾ ਕੁਈਨ’ ਵਜੋਂ ਮਕਬੂਲ ਤੇ ਪੰਜਾਬ ਪੁਲੀਸ ’ਚ ਸਾਬਕਾ ਕਾਂਸਟੇਬਲ ਅਮਨਦੀਪ ਕੌਰ ਨੂੰ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਮਾਮਲੇ ਵਿਚ ਅੱਜ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਨੇ ਕੌਰ ਨੂੰ ਗਾਇਕਾ ਅਫ਼ਸਾਨਾ ਖ਼ਾਨ ਦੇ ਵੱਡੀ ਭੈਣ ਰਫ਼ਤਾਰ ਖ਼ਾਨ ਦੇ ਮੁਕਤਸਰ ਜ਼ਿਲ੍ਹੇ ਦੇ ਬਾਦਲ ਪਿੰਡ ਵਿਚਲੇ ਘਰ ਤੋਂ ਹਿਰਾਸਤ ਵਿਚ ਲਿਆ ਹੈ। ਵਿਜੀਲੈਂਸ ਬਿਊਰੋ ਵਿਚਲੇ ਸੂਤਰਾਂ ਨੇ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਅਮਨਦੀਪ ਕੌਰ ਨੇ 2018 ਤੇ 2025 ਦਰਮਿਆਨ ਆਪਣੀ ਆਮਦਨ ਦੇ ਸਰੋਤਾਂ ਨਾਲੋਂ 31 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਬਣਾਈ।
ਪੁਲੀਸ ਨੇ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਦੇ ਨਾਂ ’ਤੇ ਰਜਿਸਟਰਡ ਵਾਹਨਾਂ ਸਮੇਤ ਹੋਰ ਜਾਇਦਾਦਾਂ ਜ਼ਬਤ ਕਰ ਲਈਆਂ ਹਨ। ਕੌਰ ਨੂੰ ਬਠਿੰਡਾ ਵਿਚ ਥਾਰ ਜੀਪ ’ਚ ਡਰੱਗਜ਼ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਵੱਲੋਂ ਜ਼ਬਤ ਕੀਤੀਆਂ ਸੰਪਤੀਆਂ ਵਿਚ 2025 ਮਾਡਲ ਮਹਿੰਦਰਾ ਥਾਰ, ਜਿਸ ਦੀ ਕੀਮਤ 14 ਲੱਖ ਹੈ ਅਤੇ 2023 ਮਾਡਲ ਰੌਇਲ ਐਨਫੀਲਡ ਮੋਟਰਸਾਈਕਲ ਜਿਸ ਦੀ ਕੀਮਤ 1.70 ਲੱਖ ਹੈ, ਸ਼ਾਮਲ ਹਨ। ਇਨ੍ਹਾਂ ਦੀ ਮਾਲਕੀ ਨੂੰ ਨਾ ਅੱਗੇ ਤਬਦੀਲ ਕੀਤਾ ਜਾ ਸਕਦਾ ਹੈ ਤੇ ਨਾ ਹੀ ਵੇਚਿਆ ਜਾ ਸਕਦਾ ਹੈ। ਬਾਕੀ ਸੰਪਤੀਆਂ ਵਿਚ ਵਿਰਾਟ ਗ੍ਰੀਨਜ਼ ਕਲੋਨੀ ਵਿਚਲੀ ਰਿਹਾਇਸ਼ੀ ਇਮਾਰਤ (99 ਲੱਖ), ਡ?ਰੀਮ ਸਿਟੀ ਕਲੋਨੀ ਵਿਚ 18.12 ਲੱਖ ਮੁੱਲ ਦਾ ਪਲਾਟ, ਆਈਫੋਨ 13 ਪ੍ਰੋ ਮੈਕਸ, ਆਈਫੋਨ ਐੱਸਈ, ਇਕ ਲੱਖ ਰੁਪਏ ਮੁੱਲ ਦੀ ਰੋਲੈਕਸ ਘੜੀ ਤੇ ਐੱਸਬੀਆਈ ਖਾਤੇ ਵਿਚ 1.01 ਲੱਖ ਰੁਪਏ ਦੀ ਨਕਦੀ ਸ਼ਾਮਲ ਹਨ। ਜ਼ਮਾਨਤ ’ਤੇ ਆਈ ਅਮਨਦੀਪ ਨੂੰ ਵਿੱਤ ਤੋਂ ਵੱਧ ਜਾਇਦਾਦ ਰੱਖਣ ਲਈ ਮੁੜ ਗ੍ਰਿਫਤਾਰ ਕਰ ਲਿਆ ਗਿਆ ਹੈ।
**