ਚੀਨੀ ਰਾਸ਼ਟਰਪਤੀ ਦੀ ਧੀ ਸ਼ੀ ਮਿੰਗਜ਼ੇ ਨੂੰ ਅਮਰੀਕਾ ਤੋੋਂ ਡਿਪੋਰਟ ਕਰਨ ਦੀ ਮੰਗ
ਵਾਸ਼ਿੰਗਟਨ : ਡੋਨਲਡ ਟਰੰਪ ਦੀ ਸਹਿਯੋਗੀ ਲੌਰਾ ਲੂਮਰ ਵੱਲੋਂ ਮੰਗ ਕੀਤੀ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਧੀ ਸ਼ੀ ਮਿੰਗਜ਼ੇ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾਣਾ ਚਾਹੀਦਾ ਹੈ।
ਇੱਕ ਪੋਸਟ ਵਿੱਚ ਲੂਮਰ ਨੇ ਕਿਹਾ, “ਚਲੋ! ਸ਼ੀ ਜਿਨਪਿੰਗ ਦੀ ਧੀ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿਓ!” ਉਨ੍ਹਾਂ ਦਾਅਵਾ ਕੀਤਾ ਕਿ “ਸ਼ੀ ਮਿੰਗਜ਼ੇ ਮੈਸੇਚਿਊਸੈਟਸ ਵਿੱਚ ਰਹਿੰਦੀ ਹੈ ਅਤੇ ਹਾਰਵਰਡ ਵਿਚ ਪੜ੍ਹੀ ਹੋਈ ਹੈ!”ਦੱਸਿਆ ਜਾਂਦਾ ਹੈ ਕਿ ਮਿੰਗਜ਼ੇ ਨੇ 2010 ਵਿਚ ਹਾਰਵਰਡ ਯੂਨੀਵਰਸਿਟੀ ਵਿਚ ਦਾਖ਼ਲਾ ਲਿਆ ਸੀ ਅਤੇ 2014 ਵਿਚ ਬੀਏ ਦੀ ਡਿਗਰੀ ਹਾਸਲ ਕੀਤੀ।
ਲੌਰਾ ਲੂਮਰ ਨੇ ਆਪਣੀ ਪੋਸਟ ਵਿਚ ਲਿਖਿਆ ਹੈ, “ਸੂਤਰ ਮੈਨੂੰ ਦੱਸਦੇ ਹਨ ਕਿ ਸੀਸੀਪੀ (ਚੀਨੀ ਕਮਿਊਨਿਸਟ ਪਾਰਟੀ) ਦੇ ਪੀਐਲਏ ਗਾਰਡ (ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ) ਉਸਨੂੰ ਮੈਸੇਚਿਊਸੈਟਸ ਵਿੱਚ ਅਮਰੀਕੀ ਧਰਤੀ ‘ਤੇ ਨਿੱਜੀ ਸੁਰੱਖਿਆ ਪ੍ਰਦਾਨ ਕਰਦੇ ਹਨ! ਹਾਲਾਂਕਿ, ਲੌਰਾ ਲੂਮਰ ਨੇ ਆਪਣੇ ਦਾਅਵਿਆਂ ਦਾ ਸਮਰਥਨ ਕਰਨ ਲਈ ਕੋਈ ਸਬੂਤ ਨਹੀਂ ਦਿੱਤਾ। ਉਸਨੇ ਆਪਣੀ ਪੋਸਟ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ (ਨੂੰ ਟੈਗ ਕੀਤਾ ਹੈ।
ਲੂਮਰ ਦੀਆਂ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਟਰੰਪ ਪ੍ਰਸ਼ਾਸਨ ਇਮੀਗ੍ਰੇਸ਼ਨ ਨਿਯਮਾਂ ਨੂੰ ਲੈ ਕੇ ਹਾਰਵਰਡ ਯੂਨੀਵਰਸਿਟੀ ਨਾਲ ਕਾਨੂੰਨੀ ਲੜਾਈ ਲੜ ਰਿਹਾ ਹੈ।
ਟਰੰਪ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲ ਕਰਨ ਦੀ ਯੂਨੀਵਰਸਿਟੀ ਦੀ ਯੋਗਤਾ ਨੂੰ ਰੱਦ ਕਰ ਦਿੱਤਾ, ਹਾਲਾਂਕਿ ਇਸ ਫ਼ੈਸਲੇ ਉਤੇ ਇੱਕ ਫੈਡਰਲ ਜੱਜ ਦੀ ਅਦਾਲਤ ਨੇ ਅਸਥਾਈ ਰੋਕ ਲਗਾਈ ਹੈ। ਹੁਣ ਦੇਖਣਾ ਹੈ ਕਿ ਇਹ ਗੱਲ ਕਿੱਥੋਂ ਤੱਕ ਜ਼ੋਰ ਫੜੇਗੀ।