ਮਾਰੂ ਹਥਿਆਰਾਂ ਦੀ ਤਸਕਰੀ ’ਚ ਦੋ ਕਾਬੂ
ਤਰਨ ਤਾਰਨ : ਥਾਣਾ ਵਲਟੋਹਾ ਪੁਲੀਸ ਨੇ ਬੀਤੀ ਸ਼ਾਮ ਸਰਹੱਦੀ ਖੇਤਰ ਦੇ ਪਿੰਡ ਮਹਿਮੂਦਪੁਰ ਨੇੜੇ ਲਗਾਏ ਨਾਕੇ ਤੋਂ ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਦੋ ਜਣਿਆਂ ਨੂੰ ਨਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਜਦੋਂਕਿ ਉਨ੍ਹਾਂ ਦਾ ਇਕ ਸਾਥੀ ਅਜੇ ਗ੍ਰਿਫ਼ਤ ’ਚੋਂ ਬਾਹਰ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀ ਐਕਸ ’ਤੇ ਇਕ ਪੋਸਟ ਵਿਚ ਤਸਕਰਾਂ ਦੀ ਗ੍ਰਿਫਤਾਰੀ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।
ਐੱਸਐੱਸਪੀ ਅਭਿਮੰਨਿਊ ਰਾਣਾ ਨੇ ਇਥੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਸਨਾਖ਼ਤ ਸੂਰਜਪਾਲ ਸਿੰਘ ਸੂਰਜ ਅਤੇ ਅਰਸ਼ਦੀਪ ਸਿੰਘ ਅਰਸ਼ ਵਾਸੀ ਲਾਖਣਾ ਵਜੋਂ ਹੋਈ ਹੈ ਜਦੋਂਕਿ ਪਾਰਸਪ੍ਰੀਤ ਸਿੰਘ ਪਾਰਸ ਵਾਸੀ ਰਾਜੋਕੇ ਫਰਾਰ ਹੈ। ਐੱਸਐੱਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਚਾਰ ਗਲੋਕ ਪਿਸਤੌਲ ਅਤੇ ਛੇ ਰੌਂਦ ਬਰਾਮਦ ਕੀਤੇ ਗਏ ਹਨ੍ਟ ਮੁਲਜ਼ਮ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਮੰਗਵਾ ਕੇ ਅੱਗੇ ਸੂਬੇ ਵਿਚ ਵੱਖ ਵੱਖ ਥਾਈਂ ਸਪਲਾਈ ਕਰਦੇ ਹਨ। ਮੁਲਜ਼ਮਾਂ ਨੂੰ ਸਰਹੱਦੀ ਖੇਤਰ ਦੇ ਪਿੰਡ ਮਹਿਮੂਦਪੁਰ ਨੇੜੇ ਏਐੱਸਆਈ ਮਨਜਿੰਦਰ ਸਿੰਘ ਦੀ ਅਗਵਾਈ ਵਿੱਚ ਲਗਾਏ ਨਾਕੇ ਤੋਂ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ੍ਟ ਇਸ ਸਬੰਧੀ ਵਲਟੋਹਾ ਪੁਲੀਸ ਨੇ ਅਸਲਾ ਐਕਟ ਦੀ ਦਫ਼ਾ 25 (6), 25(7), (1), 54, 59 ਅਧੀਨ ਇਕ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।
