ਡੇਢ ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ਗ੍ਰਿਫਤਾਰ
ਜਲੰਧਰ : ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਡੇਢ ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੇ ਪੁਲੀਸ ਨੂੰ ਸੂਚਿਤ ਕੀਤਾ। ਪੁਲਿਸ ਨੇ ਪਰਵਾਸੀ ਨਾਬਾਲਗ਼ ਮੁਲਜ਼ਮ ਵਿਰੁੱਧ ਬਲਾਤਕਾਰ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੇ ਨਾਬਾਲਗ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸਨੂੰ ਬਾਲ ਗ੍ਰਹਿ ਭੇਜ ਦਿੱਤਾ ਗਿਆ ਹੈ।
ਜਲੰਧਰ ਕਮਿਸ਼ਨਰੇਟ ਪੁਲੀਸ ਦੇ ਥਾਣਾ ਬਸਤੀ ਬਾਵਾ ਖੇਲ ਦੇ ਐਸਐਚਓ ਪਰਮਿੰਦਰ ਸਿੰਘ ਥਿੰਦ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਅਤੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਮੁਲਜ਼ਮ ਜਲੰਧਰ ਦੇ ਬਸਤੀ ਬਾਵਾ ਸਪੋਰਟਸ ਏਰੀਆ ਵਿੱਚ ਬਾਬਾ ਬੁੱਢਾ ਜੀ ਪੁਲ ਦੇ ਨੇੜੇ ਕਿਰਾਏ ’ਤੇ ਰਹਿੰਦਾ ਸੀ।
ਪੀੜਤਾ ਆਪਣੇ ਪਰਿਵਾਰ ਨਾਲ ਉਸ ਦੇ ਨਾਲ ਵਾਲੇ ਕਮਰੇ ਵਿੱਚ ਕਿਰਾਏ ’ਤੇ ਰਹਿੰਦੀ ਸੀ। ਮੁਲਜ਼ਮ ਅਕਸਰ ਪੀੜਤਾ ਦੇ ਘਰ ਆਉਂਦਾ ਰਹਿੰਦਾ ਸੀ। ਪੀੜਤਾ ਦੀ ਮਾਂ ਨੇ ਵੀ ਉਸਨੂੰ ਨਾਬਾਲਗ ਹੋਣ ਕਰਕੇ ਨਹੀਂ ਰੋਕਿਆ। ਪਰ ਬੁੱਧਵਾਰ ਨੂੰ, ਮੁਲਜ਼ਮ ਨੇ ਮੌਕਾ ਪਾ ਕੇ ਡੇਢ ਸਾਲ ਦੀ ਬੱਚੀ ਨਾਲ ਬੁਰਾ ਕੰਮ ਕੀਤਾ ਅਤੇ ਉੱਥੋਂ ਭੱਜ ਗਿਆ।
ਜਦੋਂ ਬੱਚੀ ਰੋਂਦੀ ਹੋਈ ਮਿਲੀ, ਤਾਂ ਮਾਂ ਨੂੰ ਅਹਿਸਾਸ ਹੋਇਆ ਕਿ ਉਸ ਦੀ ਬੱਚੀ ਨਾਲ ਕੁਝ ਗਲਤ ਹੈ। ਇਸ ਤੋਂ ਬਾਅਦ ਤੁਰੰਤ ਪੁਲੀਸ ਨੂੰ ਮਾਮਲੇ ਬਾਰੇ ਸੂਚਿਤ ਕੀਤਾ ਗਿਆ। ਮਾਮਲੇ ਦੀ ਜਾਂਚ ਤੋਂ ਬਾਅਦ ਪੁਲੀਸ ਨੇ ਪਹਿਲਾਂ ਬੱਚੀ ਦਾ ਡਾਕਟਰੀ ਮੁਆਇਨਾ ਕਰਵਾਇਆ ਅਤੇ ਫਿਰ ਬੱਚੀ ਦੀ ਮਾਂ ਦੇ ਬਿਆਨ ’ਤੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ।
ਥਾਣਾ ਬਸਤੀ ਬਾਵਾ ਖੇਲ ਦੇ ਐਸਐਚਓ ਪਰਮਿੰਦਰ ਸਿੰਘ ਥਿੰਦ ਨੇ ਕਿਹਾ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਨਾਬਾਲਗ਼ ਵੀ ਹੈ। ਇਸ ਲਈ, ਮਾਮਲੇ ਵਿੱਚ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ।
