ਇਰਾਨ ਨਾਲ ਜੰਗ ਨਹੀਂ ਚਾਹੁੰਦਾ ਅਮਰੀਕਾ: ਪੈਂਟਾਗਨ

ਇਰਾਨ ਨਾਲ ਜੰਗ ਨਹੀਂ ਚਾਹੁੰਦਾ ਅਮਰੀਕਾ: ਪੈਂਟਾਗਨ

0
40

ਇਰਾਨ ਨਾਲ ਜੰਗ ਨਹੀਂ ਚਾਹੁੰਦਾ ਅਮਰੀਕਾ: ਪੈਂਟਾਗਨ

ਵਾਸ਼ਿੰਗਟਨ: ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ, ਇਰਾਨ ਨਾਲ ਜੰਗ ਵਧਾਉਣਾ ਨਹੀਂ ਚਾਹੁੰਦਾ ਹੈ। ਉਧਰ ਉਪ ਰਾਸ਼ਟਰਪਤੀ ਜੇਡੀ ਵਾਂਸ ਨੇ ਕਿਹਾ ਕਿ ਹਮਲਿਆਂ ਮਗਰੋਂ ਇਰਾਨ ਨੂੰ ਅਮਰੀਕਾ ਨਾਲ ਗੱਲਬਾਤ ਦਾ ਨਵਾਂ ਮੌਕਾ ਮਿਲ ਗਿਆ ਹੈ। ਹੇਗਸੇਥ ਨੇ ਜੁਆਇੰਟ ਚੀਫ਼ ਆਫ਼ ਸਟਾਫ਼ ਦੇ ਚੇਅਰਮੈਨ ਅਤੇ ਹਵਾਈ ਸੈਨਾ ਦੇ ਜਨਰਲ ਡੈਨ ਕਾਇਨੇ ਨਾਲ ਪੈਂਟਾਗਨ ’ਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮਿਸ਼ਨ ਨੂੰ ‘ਅਪਰੇਸ਼ਨ ਮਿਡਨਾਈਟ ਹੈਮਰ’ ਦਾ ਨਾਮ ਦਿੱਤਾ ਗਿਆ ਸੀ। ਹੇਗਸੇਥ ਨੇ ਕਿਹਾ, ‘‘ਮਿਸ਼ਨ ਹਕੂਮਤ ’ਚ ਬਦਲਾਅ ਬਾਰੇ ਨਹੀਂ ਸੀ।’ ਕਾਇਨੇ ਨੇ ਕਿਹਾ ਕਿ ਫੋਰਦੋ, ਨਤਾਂਜ਼ ਅਤੇ ਇਸਫ਼ਹਾਨ ਪਰਮਾਣੂ ਕੇਂਦਰ ਤਬਾਹ ਕਰਨ ਦਾ ਟੀਚਾ ਹਾਸਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨੁਕਸਾਨ ਦਾ ਕੁਝ ਸਮੇਂ ਬਾਅਦ ਹੀ ਪਤਾ ਲੱਗੇਗਾ ਪਰ ਸ਼ੁਰੂਆਤੀ ਮੁਲਾਂਕਣ ਤੋਂ ਸੰਕੇਤ ਮਿਲਦਾ ਹੈ ਕਿ ਤਿੰਨੋਂ ਕੇਂਦਰਾਂ ਨੂੰ ਬਹੁਤ ਭਾਰੀ ਨੁਕਸਾਨ ਪਹੁੰਚਿਆ ਹੈ। ਉਪ ਰਾਸ਼ਟਰਪਤੀ ਨੇ ਇਕ ਟੀਵੀ ਇੰਟਰਵਿਊ ’ਚ ਕਿਹਾ ਕਿ ਅਮਰੀਕਾ ਨੇ ਪਰਮਾਣੂ ਹਥਿਆਰ ਵਿਕਸਤ ਕਰਨ ਦੀ ਇਰਾਨ ਦੀ ਕੋਸ਼ਿਸ਼ ਨੂੰ ਢਾਹ ਲਗਾਈ ਹੈ ਅਤੇ ਬਹੁਤ ਲੰਬੇ ਸਮੇਂ ਤੱਕ ਉਹ ਪ੍ਰੋਗਰਾਮ ਨੂੰ ਲੀਹ ’ਤੇ ਨਹੀਂ ਲਿਆ ਸਕੇਗਾ। ਵਾਂਸ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਉਹ ਹਰ ਵਾਰ ਬਹਾਨਾ ਬਣਾ ਦਿੰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਇਰਾਨ ਕੋਲ ਮੌਕਾ ਹੈ ਕਿ ਉਹ ਗੱਲਬਾਤ ਦੀ ਮੇਜ਼ ’ਤੇ ਆ ਕੇ ਆਪਣੇ ਗੁਆਂਢੀਆਂ ਅਤੇ ਅਮਰੀਕਾ ਨਾਲ ਰਿਸ਼ਤਿਆਂ ’ਚ ਸੁਧਾਰ ਕਰੇ। ਪੈਂਟਾਗਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਬੰਬਾਰ ਭੂਮੱਧ ਸਾਗਰ ਤੋਂ ਹੋ ਕੇ ਇਜ਼ਰਾਈਲ, ਜਾਰਡਨ ਅਤੇ ਇਰਾਕ ਦੇ ਹਵਾਈ ਖੇਤਰ ਤੋਂ ਹੁੰਦੇ ਹੋਏ ਇਰਾਨ ਦੇ ਟਿਕਾਣਿਆਂ ਤੱਕ ਪੁੱਜੇ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਤਿੰਨੋਂ ਮੁਲਕਾਂ ਨੂੰ ਲੜਾਕੂ ਜੈੱਟਾਂ ਦੇ ਆਪਣੇ ਹਵਾਈ ਖੇਤਰ ਤੋਂ ਗੁਜ਼ਰਨ ਦੀ ਜਾਣਕਾਰੀ ਕਦੋਂ ਮਿਲੀ। ਹੇਗਸੇਥ ਨੇ ਦੱਸਿਆ ਕਿ ਇਰਾਨ ਦੇ ਦੋ ਸਭ ਤੋਂ ਵੱਡੇ ਪਰਮਾਣੂ ਟਿਕਾਣਿਆਂ ’ਤੇ 14 ਬੰਕਰ-ਬਸਟਰ ਬੰਬ ਸੁੱਟੇ ਗਏ। ਉਨ੍ਹਾਂ ਕਿਹਾ ਕਿ ਇਰਾਨ ਦੀ ਸੁਰੱਖਿਆ ਪ੍ਰਣਾਲੀ ਨੂੰ ਝਕਾਨੀ ਦੇਣ ਲਈ ਲੁਕਵੀਂ ਰਣਨੀਤੀ ਦੀ ਵਰਤੋਂ ਕੀਤੀ ਗਈ ਜਿਸ ਨਾਲ ਉਸ ਦੀ ਹਵਾਈ ਮਿਜ਼ਾਈਲ ਪ੍ਰਣਾਲੀਆਂ ਦੀ ਨਜ਼ਰ ’ਚ ਆਏ ਬਿਨਾਂ ਕਾਰਵਾਈ ਕਰਨ ’ਚ ਸਹਾਇਤਾ ਮਿਲੀ।

LEAVE A REPLY

Please enter your comment!
Please enter your name here