ਸਿੰਧੂ ਜਲ ਸੰਧੀ ਬਹਾਲ ਨਹੀਂ ਕਰੇਗਾ ਭਾਰਤ: ਸ਼ਾਹ

ਸਿੰਧੂ ਜਲ ਸੰਧੀ ਬਹਾਲ ਨਹੀਂ ਕਰੇਗਾ ਭਾਰਤ: ਸ਼ਾਹ

0
58

ਸਿੰਧੂ ਜਲ ਸੰਧੀ ਬਹਾਲ ਨਹੀਂ ਕਰੇਗਾ ਭਾਰਤ: ਸ਼ਾਹ

ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਰਤ, ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਬਹਾਲ ਨਹੀਂ ਕਰੇਗਾ। ਗ੍ਰਹਿ ਮੰਤਰੀ ਦੀ ਇਸ ਟਿੱਪਣੀ ਮਗਰੋਂ ਦੋਵਾਂ ਮੁਲਕਾਂ ’ਚ ਸ਼ਬਦੀ ਜੰਗ ਛਿੜ ਗਈ ਹੈ। ਸ਼ਾਹ ਨੇ ਅੱਜ ਅੰਗਰੇਜ਼ੀ ਅਖਬਾਰ ਨਾਲ ਇੰਟਰਵਿਊ ’ਚ ਕਿਹਾ ਕਿ ਭਾਰਤ, ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਬਹਾਲ ਨਹੀਂ ਕਰੇਗਾ ਅਤੇ ਗੁਆਂਢੀ ਮੁਲਕ ਨੂੰ ਜਾਣ ਵਾਲੇ ਪਾਣੀ ਦੀ ਘਰੇਲੂ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ। ਦੂਜੇ ਪਾਸੇ ਪਾਕਿਸਤਾਨ ਨੇ ਇਸ ਬਿਆਨ ਨੂੰ ਗ਼ੈਰਜ਼ਿੰਮੇਵਾਰਾਨਾ ਤੇ ਕੌਮਾਂਤਰੀ ਮਰਿਆਦਾ ਦੀ ਉਲੰਘਣਾ ਕਰਾਰ ਦਿੱਤਾ ਹੈ।

ਦੱਸਣਯੋਗ ਹੈ ਕਿ ਪਹਿਲਗਾਮ ਦਹਿਸ਼ਤੀ ਹਮਲੇ ’ਚ 26ਵਿਅਕਤੀਆਂ ਦੀ ਮੌਤ ਮਗਰੋਂ ਭਾਰਤ ਨੇ 1960 ਦੀ ਸੰਧੀ ਜਲ ਸੰਧੀ ਮੁਅੱਤਲ ਕਰ ਦਿੱਤੀ ਸੀ। ਸ਼ਾਹ ਨੇ ਕਿਹਾ, ‘‘ਨਹੀਂ, ਇਹ (ਸਿੰਧੂ ਜਲ ਸੰਧੀ) ਬਹਾਲ ਨਹੀਂ ਕੀਤੀ ਜਾਵੇਗੀ। ਅਸੀਂ ਨਹਿਰ ਬਣਾ ਕੇ ਪਾਕਿਸਤਾਨ ਵੱਲ ਜਾਂਦਾ ਪਾਣੀ ਰਾਜਸਥਾਨ ਲਿਜਾਵਾਂਗੇ। ਪਾਕਿਸਤਾਨ ਪਾਣੀ ਨੂੰ ਤਰਸੇਗਾ, ਜੋ ਉਸ ਨੂੰ ਗਲਤ ਤਰੀਕੇ ਨਾਲ ਮਿਲ ਰਿਹਾ ਹੈ।’’

ਦੂਜੇ ਪਾਸੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਬਿਆਨ ’ਚ ਕਿਹਾ, ‘‘ਇਹ ਬਿਆਨ ਕੌਮਾਂਤਰੀ ਸਮਝੌਤਿਆਂ ਦੀ ਮਰਿਆਦਾ ਦੀ ਉਲੰਘਣਾ ਨੂੰ ਦਰਸਾਉਂਦਾ ਹੈ। ਸਿੰਧੂ ਜਲ ਸੰਧੀ ਕੋਈ ਰਾਜਨੀਤਕ ਸਮਝੌਤਾ ਨਹੀਂ ਹੈ, ਬਲਕਿ ਇਹ ਇੱਕ ਕੌਮਾਂਤਰੀ ਸੰਧੀ ਹੈ, ਜਿਸ ਵਿੱਚ ਇਕਪਾਸੜ ਕਾਰਵਾਈ ਲਈ ਕੋਈ ਵਿਵਸਥਾ ਨਹੀਂ ਹੈ। ਸੰਧੀ ਨੂੰ ਮੁਲਤਵੀ ਰੱਖਣ ਦਾ ਭਾਰਤ ਦਾ ਗ਼ੈਰਕਾਨੂੰਨੀ ਬਿਆਨ ਕੌਮਾਂਤਰੀ ਕਾਨੂੰਨ, ਸੰਧੀ ਦੇ ਪ੍ਰਬੰਧਾਂ ਅੰਤਰ-ਦੇਸ਼ੀ ਸਬੰਧਾਂ ਨੂੰ ਕੰਟਰੋਲ ਕਰਨ ਵਾਲੇ ਬੁਨਿਆਦੀ ਸਿਧਾਂਤਾਂ ਦੀ ਸਪੱਸ਼ਟ ਉਲੰਘਣਾ ਹੈ।’’ ਬਿਆਨ ਮੁਤਾਬਕ, ‘‘ਅਜਿਹਾ ਵਿਵਹਾਰ ਲਾਪ੍ਰਵਾਹੀ ਵਾਲੀ ਤੇ ਖ਼ਤਰਨਾਕ ਮਿਸਾਲ ਹੈ, ਜੋ ਕੌਮਾਂਤਰੀ ਸਮਝੌਤਿਆਂ ਦੀ ਭਰੋਸੇਯੋਗਤਾ ਨੂੰ ਖੋਖਲਾ ਕਰਦੀ ਹੈ ਅਤੇ ਇਕ ਅਜਿਹੇ ਰਾਜ ਦੀ ਭਰੋਸਯੋਗਤਾ ਬਾਰੇ ਗੰਭੀਰ ਸਵਾਲ ਖੜ੍ਹਾ ਕਰਦੀ ਹੈ, ਜੋ ਖੁੱਲ੍ਹੇ ਤੌਰ ’ਤੇ ਆਪਣੇ ਕਾਨੂੰਨੀ ਫਰਜ਼ ਪੂਰੇ ਕਰਨ ਤੋਂ ਇਨਕਾਰ ਕਰਦਾ ਹੈ।’’

ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਬਿਆਨ ’ਚ ਕਿਹਾ, ‘‘ਰਾਜਨੀਤਕ ਉਦੇਸ਼ਾਂ ਲਈ ਪਾਣੀ ਨੂੰ ਹਥਿਆਰ ਵਜੋਂ ਵਰਤਣਾ ਗ਼ੈਰਜ਼ਿੰਮੇਵਾਰਾਨਾ ਕਾਰਵਾਈ ਹੈ। ਭਾਰਤ ਨੂੰ ਤੁਰੰਤ ਆਪਣਾ ਇੱਕਪਾਸੜ ਤੇ ਗ਼ੈਰਕਾਨੂੰਨੀ ਰੁਖ਼ ਬਦਲਣਾ ਚਾਹੀਦਾ ਹੈ ਤੇ ਸਿੰਧੂ ਜਲ ਸੰਧੀ (ਪਹਿਲੇ ਸਫੇ ਤੋਂ) ਪੂਰੀ ਤਰ੍ਹਾਂ ਤੇ ਬਿਨਾਂ ਕਿਸੇ ਰੋਕ ਤੋਂ ਬਹਾਲ ਕਰਨੀ ਚਾਹੀਦੀ ਹੈ। ਪਾਕਿਸਤਾਨ ਸੰਧੀ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਅਤੇ ਇਸ ਤਹਿਤ ਆਪਣੇ ਕਾਨੂੰਨੀ ਅਧਿਕਾਰਾਂ ਤੇ ਹੱਕ ਦੀ ਰਾਖੀ ਲਈ ਸਾਰੇ ਲੋੜੀਂਦੇ ਕਦਮ ਚੁੱਕੇਗਾ।’’ ਦੱਸਣਯੋਗ ਹੈ ਕਿ ਇਹ ਸੰਧੀ ਭਾਰਤ ਤੋਂ ਨਿਕਲਣ ਵਾਲੀਆਂ ਤਿੰਨ ਨਦੀਆਂ ਰਾਹੀਂ ਪਾਕਿਸਤਾਨ ਤੇ 80 ਫ਼ੀਸਦ ਖੇਤੀ ਰਕਬੇ ਤੱਕ ਪਾਣੀ ਦੀ ਪਹੁੰਚ ਦੀ ਗਾਰੰਟੀ ਦਿੰਦੀ ਹੈ।

LEAVE A REPLY

Please enter your comment!
Please enter your name here