ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰਿਆਂ ਬਾਰੇ ਟਿੱਪਣੀਆਂ ਸੰਵਿਧਾਨਕ ਅਹੁਦੇ ਦਾ ਅਪਮਾਨ: ਸੈਣੀ
ਚੰਡੀਗੜ੍ਹ “: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰਿਆਂ ਬਾਰੇ ਪੰਜਾਬ ਦੇ ਆਪਣੇ ਹਮਰੁਤਬਾ ਭਗਵੰਤ ਮਾਨ ਦੀਆਂ ਹਾਲੀਆ ਟਿੱਪਣੀਆਂ ਦੀ ਅਲੋਚਨਾ ਕੀਤੀ ਹੈ। ਇਨ੍ਹਾਂ ਟਿੱਪਣੀਆਂ ਨੂੰ “ਗੈਰ-ਉਚਿਤ”ਅਤੇ ਜਮਹੂਰੀ ਕਦਰਾਂ-ਕੀਮਤਾਂ ਤੇ ਸੰਵਿਧਾਨਕ ਅਹੁਦਿਆਂ ਦੀ ਸ਼ਾਨ ਦਾ ਅਪਮਾਨ ਕਰਾਰ ਦਿੰਦਿਆਂ ਸੈਣੀ ਨੇ ਮਾਨ ਨੂੰ ਦੇਸ਼ ਤੋਂ ਮੁਆਫੀ ਮੰਗਣ ਲਈ ਕਿਹਾ ਹੈ।
ਪੰਜਾਬ ਦੇ ਮੁੱਖ ਮੰਤਰੀ ਨੇ ਵੀਰਵਾਰ ਨੂੰ ਮੋਦੀ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਉਹ 10,000 ਦੀ ਆਬਾਦੀ ਵਾਲੇ ਕਿਸੇ ਵਿਦੇਸ਼ੀ ਦੇਸ਼ ਤੋਂ ਮਿਲੇ ਸਨਮਾਨ ਦਾ ਜਸ਼ਨ ਮਨਾ ਰਹੇ ਹਨ, ਜਦੋਂ ਕਿ 140 ਕਰੋੜ ਲੋਕਾਂ ਵਾਲੇ ਆਪਣੇ ਦੇਸ਼ ਦੇ ਜ਼ਰੂਰੀ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ।
ਮਾਨ ਨੂੰ ਇਸ ਟਿੱਪਣੀ ਲਈ ਕਈ ਭਾਜਪਾ ਨੇਤਾਵਾਂ ਵੱਲੋਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਵਿਦੇਸ਼ ਮੰਤਰਾਲੇ (M51) ਨੇ ਵੀ ਟਿੱਪਣੀਆਂ ਨੂੰ “ਗੈਰ-ਜ਼ਿੰਮੇਵਾਰਾਨਾ”ਕਰਾਰ ਦਿੰਦਿਆਂ ਸਖ਼ਤ ਨਾਖੁਸ਼ੀ ਪ੍ਰਗਟਾਈ ਸੀ। ਮਾਨ ਦਾ ਨਾਮ ਲਏ ਬਿਨਾਂ M51 ਨੇ ਕਿਹਾ ਕਿ ਭਾਰਤ ਸਰਕਾਰ ਇੱਕ ਉੱਚ ਰਾਜ ਅਥਾਰਟੀ ਦੁਆਰਾ ਕੀਤੀਆਂ ਬੇਲੋੜੀਆਂ ਟਿੱਪਣੀਆਂ ਤੋਂ “ਖੁਦ ਨੂੰ ਵੱਖ”ਕਰਦੀ ਹੈ, ਜਿਨ੍ਹਾਂ ਨੇ ਭਾਰਤ ਦੇ ਦੋਸਤਾਨਾ ਦੇਸ਼ਾਂ ਨਾਲ ਸਬੰਧਾਂ ਨੂੰ ਕਮਜ਼ੋਰ ਕੀਤਾ ਹੈ।
ਹਾਲਾਂਕਿ, ਮਾਨ ਨੇ ਸ਼ੁੱਕਰਵਾਰ ਨੂੰ ਇਸ ਗੱਲ ਨੂੰ ਵਿਧਾਨ ਸਭਾ ਵਿੱਚ ਮੁੜ ਦੁਹਰਾਇਆ ਅਤੇ M51 ਦੀ ਪ੍ਰਤੀਕਿਰਿਆ ’ਤੇ ਉਨ੍ਹਾਂ ਪੁੱਛਿਆ ਕਿ ਕੀ ਉਸਨੂੰ ਵਿਦੇਸ਼ ਨੀਤੀ ’ਤੇ ਸਵਾਲ ਕਰਨ ਦਾ ਅਧਿਕਾਰ ਨਹੀਂ ਹੈ।
ਮਾਨ ਦੀਆਂ ਟਿੱਪਣੀਆਂ ਲਈ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਸ਼ੁੱਕਰਵਾਰ ਰਾਤ ਨੂੰ X ‘ਤੇ ਲਿਖਿਆ, ‘‘”ਭਗਵੰਤ ਮਾਨ ਜੀ ਨੂੰ ਭੁੱਲ ਗਏ ਲੱਗਦੇ ਹਨ ਕਿ ਉਹ ਸਿਰਫ ਪ੍ਰਧਾਨ ਮੰਤਰੀ ’ਤੇ ਹੀ ਨਹੀਂ, ਬਲਕਿ 140 ਕਰੋੜ ਭਾਰਤੀਆਂ ਦੇ ਭਰੋਸੇ ਅਤੇ ਲੀਡਰਸ਼ਿਪ ’ਤੇ ਵੀ ਟਿੱਪਣੀ ਕਰ ਰਹੇ ਹਨ। ਕੋਮਾਂਤਰੀ ਰਾਜਨੀਤੀ ਵਿੱਚ ਦਖਲ ਦੇਣ ਦੀ ਬਜਾਏ, ਉਨ੍ਹਾਂ ਨੂੰ ਆਪਣੇ ਰਾਜ ‘ਤੇ ਧਿਆਨ ਦੇਣਾ ਚਾਹੀਦਾ ਹੈ, ਜੋ ਨਸ਼ੇ, ਭ੍ਰਿਸ਼ਟਾਚਾਰ ਅਤੇ ਕਰਜ਼ੇ ਵਿੱਚ ਡੁੱਬ ਰਿਹਾ ਹੈ।’’ ਮੋਦੀ ਦੇ ਵਿਦੇਸ਼ੀ ਦੌਰਿਆਂ ‘ਤੇ ਮਾਨ ਦੇ ਤਨਜ਼ ਦਾ ਹਵਾਲਾ ਦਿੰਦਿਆਂ ਸੈਣੀ ਨੇ ਲਿਖਿਆ ਕਿ ਇਹ ਸਿਰਫ ਭਾਸ਼ਾਈ ਸ਼ਿਸ਼ਟਾਚਾਰ ਦੀ ਉਲੰਘਣਾ ਨਹੀਂ ਬਲਕਿ ਜਮਹੂਰੀ ਕਦਰਾਂ-ਕੀਮਤਾਂ ਅਤੇ ਸੰਵਿਧਾਨਕ ਅਹੁਦਿਆਂ ਦੀ ਸ਼ਾਨ ਦਾ ਵੀ ਅਪਮਾਨ ਹੈ। ਉਨ੍ਹਾਂ ਲਿਖਿਆ, “ਉਨ੍ਹਾਂ(ਮਾਨ) ਨੂੰ ਆਪਣੀਆਂ ਗੈਰ-ਉਚਿਤ ਟਿੱਪਣੀਆਂ ਲਈ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰਿਆਂ ਬਾਰੇ ਟਿੱਪਣੀਆਂ ਸੰਵਿਧਾਨਕ ਅਹੁਦੇ ਦਾ ਅਪਮਾਨ: ਸੈਣੀ
Saini Slams Mann’s Remarks on PM Modi’s Foreign Trips