ਪੰਜਾਬ ਵਿਧਾਨ ਸਭਾ ਵੱਲੋਂ ਡੈਮਾਂ ’ਤੇ ਕੇਂਦਰੀ ਬਲਾਂ ਖ਼ਿਲਾਫ਼ ਮਤਾ ਪਾਸ
ਚੰਡੀਗੜ੍ਹ (ਰਾਜੇਸ਼ ਸੈਣੀ) ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੂਸਰੇ ਦਿਨ ਸਦਨ ਨੇ ਪੰਜਾਬ ਦੇ ਡੈਮਾਂ ’ਤੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਖ਼ਿਲਾਫ਼ ਸਰਬਸੰਮਤੀ ਨਾਲ ਮਤਾ ਪਾਸ ਕਰ ਦਿੱਤਾ। ਸਦਨ ’ਚ ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਮਤੇ ਦੀ ਜ਼ੋਰਦਾਰ ਹਮਾਇਤ ਕੀਤੀ ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਗੈਰ-ਹਾਜ਼ਰ ਰਹੇ। ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ, ਜੋ ਹਾਲ ਹੀ ’ਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਣੇ ਹਨ, ਬਹਿਸ ਮੌਕੇ ਸਦਨ ’ਚ ਹਾਜ਼ਰ ਨਹੀਂ ਸਨ। ਸਪੀਕਰ ਨੇ ਮਤੇ ਅਤੇ ਪੰਜ ਬਿੱਲਾਂ ਦੇ ਪਾਸ ਹੋਣ ਮਗਰੋਂ ਸਦਨ ਦੀ ਕਾਰਵਾਈ ਸੋਮਵਾਰ ਦੁਪਹਿਰ ਦੋ ਵਜੇ ਤੱਕ ਲਈ ਮੁਲਤਵੀ ਕਰ ਦਿੱਤੀ।
ਬਹਿਸ ਦੌਰਾਨ ਕੇਂਦਰ ਸਰਕਾਰ ਸਿੱਧੇ ਤੌਰ ’ਤੇ ਨਿਸ਼ਾਨੇ ’ਤੇ ਰਹੀ ਅਤੇ ਅਤੀਤ ’ਚ ਪਾਣੀਆਂ ਦੇ ਮੁੱਦਿਆਂ ’ਤੇ ਕਾਂਗਰਸ ਦੀ ਭੂਮਿਕਾ ਬਾਰੇ ਸਿੱਧੇ ਸੁਆਲ ਉੱਠੇ। ਸਦਨ ’ਚ ਵਿਰੋਧੀ ਧਿਰ ਵੱਲੋਂ ਕੁੱਝ ਸੁਝਾਅ ਤਾਂ ਆਏ ਪ੍ਰੰਤੂ ਕਾਂਗਰਸ ਇਸ ਸਬੰਧੀ ਸਫ਼ਾਈ ਬੱਝਵੇਂ ਢੰਗ ਨਾਲ ਪੇਸ਼ ਨਾ ਕਰ ਸਕੀ। ਬਹਿਸ ਦੌਰਾਨ ਹਰਿਆਣਾ ਪ੍ਰਤੀ ਨਰਮੀ ਨਜ਼ਰ ਆਈ ਅਤੇ ਹਾਕਮ ਧਿਰ ਨੇ ਡੈਮਾਂ ’ਤੇ ਕੇਂਦਰੀ ਬਲਾਂ ਦੀ ਤਾਇਨਾਤੀ ਨੂੰ ਡੂੰਘੀ ਸਾਜ਼ਿਸ਼ ਦੱਸਿਆ। ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਮਤਾ ਪੇਸ਼ ਕੀਤਾ। ਡੈਮਾਂ ’ਤੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਲਈ ਸਹਿਮਤੀ ਦੇਣ ਕਰਕੇ ਪਿਛਲੀ ਕਾਂਗਰਸ ਸਰਕਾਰ ਨਿਸ਼ਾਨੇ ’ਤੇ ਰਹੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਬਹਿਸ ਨੂੰ ਸਮੇਟਦਿਆਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਨੂੰ ਚਿੱਟਾ ਹਾਥੀ ਕਰਾਰ ਦਿੱਤਾ। ਉਨ੍ਹਾਂ ਬੀਬੀਐੱਮਬੀ ਦੇ ਪੁਨਰਗਠਨ ਦੀ ਮੰਗ ਕਰਦਿਆਂ ਕਿਹਾ ਕਿ 60 ਫ਼ੀਸਦੀ ਖ਼ਰਚਾ ਝੱਲਣ ਦੇ ਬਾਵਜੂਦ ਪੰਜਾਬ ਨਾਲ ਅਨਿਆਂ ਹੋ ਰਿਹਾ ਹੈ। ਉਨ੍ਹਾਂ ਸੂਬਾਈ ਹਿੱਤਾਂ ਨੂੰ ਖ਼ਤਰੇ ਵਿੱਚ ਨਾ ਪਾਉਣ ਦਾ ਵਚਨ ਦਿੱਤਾ। ਮਾਨ ਨੇ ਕਿਹਾ ਕਿ ਜਦੋਂ ਪੰਜਾਬ ਪੁਲੀਸ ਸ਼ੁਰੂ ਤੋਂ ਡੈਮਾਂ ਦੀ ਸੁਰੱਖਿਆ ਮੁਫ਼ਤ ’ਚ ਕਰ ਰਹੀ ਹੈ ਤਾਂ ਉਹ ਕੇਂਦਰੀ ਬਲਾਂ ਦਾ ਖ਼ਰਚਾ ਕਿਉਂ ਝੱਲਣਗੇ। ਮੁੱਖ ਮੰਤਰੀ ਨੇ ਕਿਹਾ, ‘‘ਜੇ ਅਸੀਂ ਸਰਹੱਦਾਂ ਦੀ ਰਾਖੀ ਕਰ ਸਕਦੇ ਹਾਂ, ਅਤਿਵਾਦ ਖ਼ਿਲਾਫ਼ ਲੜ ਸਕਦੇ ਹਾਂ ਅਤੇ ਨਸ਼ਿਆਂ ਖ਼?ਲਾਫ਼ ਡਟ ਸਕਦੇ ਹਾਂ ਤਾਂ ਡੈਮਾਂ ਦੀ ਸੁਰੱਖਿਆ ਵੀ ਖ਼ੁਦ ਕਰ ਸਕਦੇ ਹਾਂ। ਡੈਮਾਂ ’ਤੇ ਜਬਰੀ ਨੀਮ ਫ਼ੌਜੀ ਬਲ ਤਾਇਨਾਤ ਕੀਤੇ ਜਾ ਰਹੇ ਹਨ ਜਿਸ ਦਾ ਵਾਧੂ ਖ਼ਰਚਾ ਸੂਬਾ ਕਿਸੇ ਸੂਰਤ ਵਿੱਚ ਨਹੀਂ ਚੁੱਕੇਗਾ।’’
Date: