ਕਾਂਗਰਸ ਅਤੇ ਭਾਜਪਾ ਵਿਚਕਾਰ ਸ਼ਬਦੀ ਜੰਗ
ਕਾਂਗਰਸ ਨੁੂੰ ਦੇਸ਼ ਦੀ ਨਿਆਂਇਕ ਪ੍ਰਕੀਰਿਆ ’ਤੇ ਭਰੋਸਾ ਨਹੀਂ: ਭਾਜਪਾ
ਨਵੀਂ ਦਿੱਲੀ : ਰੋਬਰਟ ਵਾਡਰਾ ਖ਼ਿਲਾਫ਼ ਕਾਰਵਾਈ ਸਬੰਧੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਸਰਕਾਰ ਵਿਰੁੱਧ ਦਿੱਤੇ ਬਿਆਨ ਨੂੰ ਲੈ ਕੇ ਭਾਜਪਾ ਨੇ ਉਨ੍ਹਾਂ ਦੀ ਨਿੰਦਾ ਕੀਤੀ ਹੈ। ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਬਿਆਨ ਇਹ ਜ਼ਾਹਿਰ ਕਰਦਾ ਹੈ ਕਿ ਪਾਰਟੀ ਅਜੇ ਵੀ ‘ਐਮਰਜੈਂਸੀ ਮਾਈਂਡਸੈੱਟ’ ਵਿੱਚ ਯਕੀਨ ਰੱਖਦੀ ਹੈ ਅਤੇ ਨਿਆਂਇਕ ਪ੍ਰਕਿਰਿਆ ਦੀ ਪਰਵਾਹ ਨਹੀਂ ਕਰਦੀ।
ਭਾਜਪਾ ਦੇ ਬੁਲਾਰੇ ਤੁਹੀਨ ਸਿਨਹਾ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਆਪਣੇ ਭਣੋਈਏ ਦੇ ਕਾਲੇ ਕੰਮਾਂ ਤੋਂ ਚੰਗੀ ਤਰ੍ਹਾਂ ਵਾਕਿਫ਼(ਜਾਣੂ) ਹਨ ਅਤੇ ਹੋ ਸਕਦਾ ਉਹ ਵੀ ਇਸ ਸਭ ਵਿੱਚ ਸ਼ਾਮਿਲ ਹੋਣ। ਸਿਨਹਾ ਨੇ ਰਾਹੁਲ ਗਾਂਧੀ ਵੱਲੋਂ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੁੂੰ ਗ੍ਰਿਫ਼ਤਾਰੀ ਦੀਆਂ ਧਮਕੀਆਂ ਦੇਣ ਵਾਲੇ ਬਿਆਨ ਦੀ ਵੀ ਨਿੰਦਾ ਕੀਤੀ।
ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫਤਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਸਿਨਹਾ ਨੇ ਕਿਹਾ, ‘‘ਰੌਬਰਟ ਵਾਡਰਾ ਮਾਮਲੇ ਅਤੇ ਅਸਾਮ ਦੇ ਮੁੱਖ ਮੰਤਰੀ ਬਾਰੇ ਦਿੱਤੇ ਉਨ੍ਹਾਂ ਦੇ ਇਹ ਬਿਆਨ ਇਹ ਦਰਸਾਉਂਦੇ ਹਨ ਕਿ ਕਾਂਗਰਸ ਨੁੂੰ ਨਿਆਂਇਕ ਪ੍ਰਕਿਰਿਆ ਅਤੇ ਜਾਂਚ ਪ੍ਰਕਿਰਿਆ ਵਿਚ ਬਿਲਕੁਲ ਯਕੀਨ ਨਹੀਂ ਹੈ।’’ ਉਨ੍ਹਾਂ ਕਿਹਾ,‘‘ਕਾਂਗਰਸ ਪਾਰਟੀ ‘ਐਮਰਜੈਂਸੀ ਮਾਈਂਡਸੈੱਟ’ ਤੇ ਦੇਸ਼ ਨੁੂੰ ਗੁੰਮਰਾਹ ਕਰਨ ਵਿੱਚ ਯਕੀਨ ਰੱਖਦੀ ਹੈ। ਜਿਸ ਤਰ੍ਹਾਂ 50 ਸਾਲ ਪਹਿਲਾਂ ਇੰਦਰਾ ਗਾਂਧੀ ਸਰਕਾਰ ਵੱਲੋਂ 25 ਜੂਨ 1975 ਨੁੂੰ ਐਮਰਜੈਂਸੀ ਲਾਈ ਗਈ ਸੀ, ਜੋ 21 ਮਹੀਨਿਆਂ ਤੱਕ ਬਰਕਰਾਰ ਰਹੀ।’’
ਸਿਨਹਾ ਨੇ ਕਿਹਾ, ‘‘ਸਰਮਾ ਇੱਕ ਚੁਣੇ ਹੋਏ ਮੁੱਖ ਮੰਤਰੀ ਹਨ ਤੇ ਉਨ੍ਹਾਂ ਵਿਰੁੱਧ ਕੋਈ ਦੋਸ਼ ਨਹੀਂ ਹਨ, ਅਸੀਂ ਰਾਹੁਲ ਗਾਂਧੀ ਨੁੂੰ ਪੁੱਛਦੇ ਹਾਂ ਕਿ ਤੁਸੀਂ ਕਿਸੇ ਨੁੂੰ ਵੀ ਚੁੱਕ ਕੇ ਜੇਲ੍ਹ ਵਿੱਚ ਸੁੱਟ ਦਿਓਂਗੇ?’’