ਚੋਣ ਕਮਿਸ਼ਨ ਦੀ ‘ਮਿਲੀਭੁਗਤ’ ਨਾਲ ਵੋਟਾਂ ’ਤੇ ‘ਡਾਕਾ’ ਮਾਰ ਰਹੀ ਹੈ ਭਾਜਪਾ

0
294

ਚੋਣ ਕਮਿਸ਼ਨ ਦੀ ‘ਮਿਲੀਭੁਗਤ’ ਨਾਲ ਵੋਟਾਂ ’ਤੇ ‘ਡਾਕਾ’ ਮਾਰ ਰਹੀ ਹੈ ਭਾਜਪਾ
ਪਟਨਾ : ਰਾਸ਼ਟਰੀ ਜਨਤਾ ਦਲ (RJD) ਆਗੂ ਤੇਜਸਵੀ ਯਾਦਵ ਨੇ ਬੁੱਧਵਾਰ ਨੂੰ ਚੋਣ ਕਮਿਸ਼ਨ ’ਤੇ ਬਿਹਾਰ ਵਿੱਚ ਵੋਟਾਂ ‘ਚੋਰੀ’ ਕਰਨ ਲਈ ਭਾਜਪਾ ਨਾਲ ‘ਮਿਲੀਭੁਗਤ’ ਦਾ ਦੋਸ਼ ਲਗਾਇਆ ਹੈ। ਬਿਹਾਰ ਵਿਚ ਇਸ ਸਾਲ ਦੇ ਅੰਤ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਤੇਜਸਵੀ ਨੇ ਇਹ ਦੋਸ਼ ਵੀ ਲਗਾਇਆ ਕਿ ਚੋਣ ਕਮਿਸ਼ਨ ‘ਭਾਜਪਾ ਆਗੂਆਂ ਨੂੰ ਦੋ ਵੋਟਰ ਕਾਰਡ ਪ੍ਰਾਪਤ ਕਰਨ ਵਿੱਚ ਮਦਦ ਕਰ ਰਿਹਾ ਹੈ।’
ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਇਹ ਇੱਕ ਤੱਥ ਹੈ ਕਿ ਚੋਣ ਕਮਿਸ਼ਨ (ਈਸੀ) ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਿਹਾਰ ਵਿੱਚ ਵੋਟਾਂ ਚੋਰੀ ਕਰਨ ਲਈ ਭਾਜਪਾ ਨਾਲ ਮਿਲੀਭੁਗਤ ਕਰ ਰਿਹਾ ਹੈ। ਦਰਅਸਲ, ਵਿਸ਼ੇਸ਼ ਵਿਆਪਕ ਸੋਧ ਦੀ ਸ਼ੁਰੂਆਤੀ ਮਸ਼ਕ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਪ੍ਰਕਾਸ਼ਿਤ ਖਰੜਾ ਵੋਟਰ ਸੂਚੀਆਂ ਨੂੰ ਵੋਟਾਂ ਦੀ ‘ਡਕੈਤੀ’ ਕਿਹਾ ਜਾਣਾ ਚਾਹੀਦਾ ਹੈ। ਚੋਣ ਕਮਿਸ਼ਨ ਰਾਜ ਵਿੱਚ ਦੋ ਵੋਟਰ ਆਈਡੀ ਕਾਰਡ ਪ੍ਰਾਪਤ ਕਰਨ ਵਿੱਚ ਭਾਜਪਾ ਆਗੂਆਂ ਦੀ ਮਦਦ ਕਰ ਰਿਹਾ ਹੈ।’’
ਆਰਜੇਡੀ ਆਗੂ ਨੇ ਮੁਜ਼ੱਫਰਪੁਰ ਦੀ ਮੇਅਰ ਨਿਰਮਲਾ ਦੇਵੀ ’ਤੇ ਦੋਹਰੇ ਵੋਟਰ ਆਈਡੀ ਕਾਰਡ ਰੱਖਣ ਦਾ ਦੋਸ਼ ਲਗਾਇਆ। ਯਾਦਵ ਨੇ ਦਾਅਵਾ ਕੀਤਾ, ‘‘ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਸੰਭਾਵੀ ਉਮੀਦਵਾਰ, ਮੁਜ਼ੱਫਰਪੁਰ ਦੀ ਮੇਅਰ, ਖਰੜਾ ਵੋਟਰ ਸੂਚੀਆਂ ਦੇ ਅਨੁਸਾਰ ਇੱਕ ਵਿਧਾਨ ਸਭਾ ਹਲਕੇ ਦੇ ਦੋ ਵੱਖ-ਵੱਖ ਬੂਥਾਂ ’ਤੇ ਦੋ ਵੋਟਰ ਆਈਡੀ ਕਾਰਡ ਰੱਖਦੀ ਹੈ। ਹੈਰਾਨੀ ਦੀ ਗੱਲ ਹੈ ਕਿ ਉਸ ਦੇ ਦੋ ਪਰਿਵਾਰਕ ਮੈਂਬਰਾਂ ਕੋਲ ਵੀ ਇੱਕੋ ਵਿਧਾਨ ਸਭਾ ਹਲਕੇ ਦੇ ਦੋ ਵੱਖ-ਵੱਖ ਬੂਥਾਂ ’ਤੇ ਦੋ ਵੱਖੋ-ਵੱਖਰੇ ਵੋਟਰ ਆਈਡੀ ਕਾਰਡ ਹਨ।’’ ਤੇਜਸਵੀ ਨੇ ਇਹ ਵੀ ਪੁੱਛਿਆ, ‘‘ਅਜਿਹੀ ਕੁਤਾਹੀ ਕਿਵੇਂ ਹੋਈ? ਇਸ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ?’’

LEAVE A REPLY

Please enter your comment!
Please enter your name here