ਗੁਰਦਾਸਪੁਰ ਸਰਹੱਦ ਨੇੜੇ ਪੁਲੀਸ ਮੁਕਾਬਲੇ ’ਚ ਗੈਂਗਸਟਰ ਜ਼ਖ਼ਮੀ
ਗੁਰਦਾਸਪੁਰ : ਸਰਹੱਦੀ ਪਿੰਡ ਮੀਰਕਚਾਣਾ ਨੇੜੇ ਡਰੇਨ ’ਤੇ ਅੱਜ ਤੜਕੇ ਪੁਲੀਸ ਮੁਕਾਬਲੇ ਦੌਰਾਨ ਗੋਲੀ ਲੱਗਣ ਕਾਰਨ ਗੈਂਗਸਟਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਪੁਲੀਸ ਥਾਣਾ ਕਲਾਨੌਰ ਵੱਲੋਂ ਖੁਫੀਆ ਸੂਚਨਾ ਮਿਲਣ ਮਗਰੋਂ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਸਵੇਰੇ ਲਗਪਗ 5 ਵਜੇ ਜਦੋਂ ਇੱਕ ਮੋਟਰਸਾਈਕਲ ਸਵਾਰ ਨੂੰ ਪੁਲੀਸ ਕਰਮਚਾਰੀਆਂ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਗੋਲੀ ਚਲਾ ਦਿੱਤੀ। ਪੁਲੀਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਉਸ ਦੀ ਲੱਤ ਵਿੱਚ ਗੋਲੀ ਲੱਗੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਦੀ ਪਛਾਣ ਰਵੀ ਮਸੀਹ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰਵੀ ਮਸੀਹ ਨੇ ਆਪਣੇ ਸਾਥੀ ਜੋਧਾ ਸਿੰਘ ਨਾਲ ਪਿਛਲੇ ਦਿਨੀਂ ਕਲਾਨੌਰ ਦੇ ਇੱਕ ਦੁਕਾਨਦਾਰ ਦੇ ਘਰ ’ਤੇ ਗੋਲੀਆਂ ਚਲਾਈਆਂ ਸਨ। ਜੋਧਾ ਸਿੰਘ ਨੂੰ ਪੁਲੀਸ ਪਹਿਲਾਂ ਹੀ ਹਿਰਾਸਤ ਵਿੱਚ ਲੈ ਚੁੱਕੀ ਹੈ ।
ਦੱਸਿਆ ਗਿਆ ਹੈ ਕਿ ਮੁਕਾਬਲੇ ਦੌਰਾਨ ਲਗਪਗ ਦੋ ਗੋਲੀਆਂ ਚੱਲੀਆਂ । ਪੁਲੀਸ ਨੇ ਮੁਲਜ਼ਮ ਕੋਲੋਂ ਪਿਸਤੌਲ ਵੀ ਬਰਾਮਦ ਕੀਤਾ ਹੈ।ਐੱਸਐੱਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚ ਹਾਲਾਤ ਦਾ ਜਾਇਜ਼ਾ ਲਿਆ।
