ਭਾਰਤ ਨਾਲ ਸਬੰਧਾਂ ’ਚ ਨਿਘਾਰ ਨੂੰ ਰੋਕਣ ਵੱਲ ਤਰਜੀਹ ਦੇਵੇ ਅਮਰੀਕਾ: ਹੇਲੀ

0
317

ਭਾਰਤ ਨਾਲ ਸਬੰਧਾਂ ’ਚ ਨਿਘਾਰ ਨੂੰ ਰੋਕਣ ਵੱਲ ਤਰਜੀਹ ਦੇਵੇ ਅਮਰੀਕਾ: ਹੇਲੀ
ਨਿਊਯਾਰਕ, :ਰਪਬਲਿਕਨ ਪਾਰਟੀ ਦੀ ਆਗੂ ਨਿੱਕੀ ਹੇਲੀ ਨੇ ਕਿਹਾ ਹੈ ਕਿ ਭਾਰਤ ਨਾਲ ਸਬੰਧਾਂ ’ਚ ਨਿਘਾਰ ਨੂੰ ਰੋਕਣਾ ਅਮਰੀਕਾ ਦੀ ਤਰਜੀਹ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਅਹਿਮ ਅਤੇ ਲੋਕਤੰਤਰੀ ਭਾਈਵਾਲ ਵਜੋਂ ਦੇਖਿਆ ਜਾਣਾ ਚਾਹੀਦਾ ਹੈ।
ਭਾਰਤ-ਅਮਰੀਕੀ ਆਗੂ ਨੇ ‘ਨਿਊਜ਼ਵੀਕ’ ਮੈਗਜ਼ੀਨ ’ਚ ਪ੍ਰਕਾਸ਼ਿਤ ਲੇਖ ’ਚ ਇਹ ਟਿੱਪਣੀ ਕੀਤੀ ਹੈ। ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ, ਜਦੋਂ ਭਾਰਤੀ ਵਸਤਾਂ ’ਤੇ 50 ਫ਼ੀਸਦ ਟੈਰਿਫ ਲਗਾਉਣ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਫ਼ੈਸਲੇ ਮਗਰੋਂ ਦੋਵੇਂ ਮੁਲਕਾਂ ਵਿਚਾਲੇ ਸਬੰਧਾਂ ’ਚ ਤਣਾਅ ਪੈਦਾ ਹੋ ਗਿਆ ਹੈ। ਹੇਲੀ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਦੀ ਵਿਦੇਸ਼ ਨੀਤੀ ਦੇ ਟੀਚਿਆਂ ’ਚ ਚੀਨ ਨੂੰ ਰੋਕਣਾ ਅਤੇ ਤਾਕਤ ਦੇ ਜ਼ੋਰ ’ਤੇ ਸ਼ਾਂਤੀ ਸਥਾਪਿਤ ਕਰਨਾ ਸ਼ਾਮਲ ਹੈ, ਜਿਸ ਦੇ ਮੱਦੇਨਜ਼ਰ ਅਮਰੀਕਾ-ਭਾਰਤ ਸਬੰਧਾਂ ਨੂੰ ਮੁੜ ਲੀਹ ’ਤੇ ਲਿਆਉਣ ਤੋਂ ਵੱਧ ਅਹਿਮ ਹੋਰ ਕੋਈ ਉਦੇਸ਼ ਨਹੀਂ ਹੈ।
ਹੇਲੀ ਨੇ ਕਿਹਾ ਕਿ ਭਾਰਤ ਹੁਣ ਤੱਕ ਰੂਸ ਤੋਂ ਤੇਲ ਖ਼ਰੀਦਣ ਲਈ ਪਾਬੰਦੀਆਂ ਤੋਂ ਬਚਦਾ ਰਿਹਾ ਹੈ, ਜਦਕਿ ਉਹ ਮਾਸਕੋ ਦੇ ਸਭ ਤੋਂ ਵੱਡੇ ਗਾਹਕਾਂ ’ਚੋਂ ਇਕ ਹੈ। ਹੇਲੀ ਨੇ ਕਿਹਾ ਕਿ ਏਸ਼ੀਆ ’ਚ ਚੀਨੀ ਪ੍ਰਭਾਵ ਦਾ ਮੁਕਾਬਲਾ ਕਰਨ ਵਾਲੇ ਇਕਲੌਤੇ ਮੁਲਕ ਨਾਲ ਸਬੰਧ ਵਿਗਾੜਨਾ ਰਣਨੀਤਕ ਆਫ਼ਤ ਤੋਂ ਘੱਟ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਕੱਪੜੇ, ਫੋਨ ਅਤੇ ਸੋਲਰ ਪੈਨਲਾਂ ਵਰਗੇ ਖੇਤਰਾਂ ’ਚ ਚੀਨ ਦੀ ਬਜਾਏ ਅਮਰੀਕਾ ਵੱਲ ਰੁਖ਼ ਕਰ ਸਕਦਾ ਹੈ। ਹੇਲੀ ਮੁਤਾਬਕ ਅਮਰੀਕਾ ਅਤੇ ਭਾਈਵਾਲਾਂ ਨਾਲ ਭਾਰਤ ਦੇ ਵਧ ਰਹੇ ਸੁਰੱਖਿਆ ਸਬੰਧ ਆਲਮੀ ਸੁਰੱਖਿਆ ਲਈ ਅਹਿਮ ਹਨ।

LEAVE A REPLY

Please enter your comment!
Please enter your name here