ਇਮਰਾਨ ਖ਼ਾਨ ਦੇ ਦੋ ਭਾਣਜੇ ਗ੍ਰਿਫ਼ਤਾਰ
ਲਾਹੌਰ : ਲਹਿੰਦੇ ਪੰਜਾਬ ਦੀ ਪੁਲੀਸ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਦੋ ਭਾਣਜਿਆਂ ਸ਼ਾਹਰੇਜ਼ ਖ਼ਾਨ ਤੇ ਸ਼ੇਰਸ਼ਾਹ ਖ਼ਾਨ ਨੂੰ 9 ਮਈ, 2023 ਦੇ ਦੰਗਿਆਂ ਦੇ ਮਾਮਲੇ ’ਚ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕੀਤੀ ਹੈ। ਪੁਲੀਸ ਨੇ ਕਿਹਾ ਕਿ ਉਸ ਨੇ ਦੋਹਾਂ ਨੂੰ ਅਗਵਾ ਨਹੀਂ ਕੀਤਾ ਹੈ। ਲਾਹੌਰ ਅਤਿਵਾਦ ਵਿਰੋਧੀ ਅਦਾਲਤ ਨੇ ਸ਼ਾਹਰੇਜ਼ ਨੂੰ ਅੱਠ ਦਿਨ ਦੇ ਰਿਮਾਂਡ ’ਤੇ ਪੁਲੀਸ ਹਵਾਲੇ ਕਰ ਦਿੱਤਾ ਹੈ। ਇਮਰਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਨੇ ਬਿਆਨ ’ਚ ਦਾਅਵਾ ਕੀਤਾ ਸੀ ਕਿ ਸ਼ਾਹਰੇਜ਼ ਖ਼ਾਨ ਨੂੰ ਉਸ ਦੇ ਘਰ ’ਚੋਂ ਅਗਵਾ ਕੀਤਾ ਗਿਆ ਹੈ। ਇਮਰਾਨ ਦੇ ਨੇੜਲੇ ਸਾਥੀ ਜ਼ੁਲਫ਼ੀ ਬੁਖਾਰੀ ਨੇ ਵੀਰਵਾਰ ਦੇਰ ਰਾਤ ਕਿਹਾ ਕਿ ਸਾਦੇ ਕੱਪੜਿਆਂ ’ਚ ਆਏ ਲੋਕਾਂ ਨੇ ਇਮਰਾਨ ਦੀ ਭੈਣ ਅਲੀਮਾ ਖਾਨਮ ਦੇ ਘਰ ’ਤੇ ਹਮਲਾ ਕਰਕੇ ਉਸ ਦੇ ਪੁੱਤਰਾਂ ਨੂੰ ਅਗਵਾ ਕਰ ਲਿਆ।