ਲੱਦਾਖ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ

0
376

ਲੱਦਾਖ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ
ਲੇਹ-ਲੱਦਾਖ ਦੇ ਉੱਚੇ ਇਲਾਕਿਆਂ, ਜਿਸ ਵਿੱਚ 18,379 ਫੁੱਟ ਉੱਚਾ ਖਾਰਦੁੰਗ ਲਾ ਪਾਸ ਵੀ ਸ਼ਾਮਲ ਹੈ, ਵਿੱਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮੈਦਾਨੀ ਇਲਾਕਿਆਂ ਵਿੱਚ ਦਰਮਿਆਨੀ ਬਾਰਿਸ਼ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਜ਼ਿਆਦਾਤਰ ਪਹਾੜੀ ਦੱਰਿਆਂ ’ਤੇ ਹਲਕੀ ਤੋਂ ਦਰਮਿਆਨੀ ਬਰਫ਼ਬਾਰੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿੱਚ ਖਾਰਦੁੰਗ ਲਾ ਟਾਪ, ਜੋ ਕਿ ਸ਼ਯੋਕ ਅਤੇ ਨੁਬਰਾ ਘਾਟੀਆਂ ਦੇ ਦਾਖ਼ਲਾ ਦੁਆਰ ਵਜੋਂ ਕੰਮ ਕਰਦਾ ਹੈ, ਲੇਹ-ਪੈਂਗੋਂਗ ਝੀਲ ਸੜਕ ਦੇ ਨਾਲ 17,950 ਫੁੱਟ ਉੱਚਾ ਚਾਂਗਲਾ ਟਾਪ ਅਤੇ ਜ਼ੰਸਕਰ ਘਾਟੀ ਦੇ ਖੇਤਰ ਸ਼ਾਮਲ ਹਨ।
ਅਧਿਕਾਰੀਆਂ ਨੇ ਕਿਹਾ ਕਿ ਲੇਹ ਅਤੇ ਕਾਰਗਿਲ ਜ਼ਿਲ੍ਹਾ ਹੈੱਡਕੁਆਰਟਰ ਤੇ ਨਾਲ ਹੋਰਨਾਂ ਇਲਾਕਿਆਂ ਵਿਚ ਮੀਂਹ ਪਿਆ। ਹਾਲਾਂਕਿ ਇਸ ਦੌਰਾਨ ਕਿਸੇ ਵੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਮੌਸਮ ਵਿਗਿਆਨੀਆਂ ਨੇ ਲੱਦਾਖ ਲਈ ਰੈੱਡ ਅਲਰਟ ਦੀ ਚੇਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ ਕਈ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੰਗਲਵਾਰ ਨੂੰ ਹਲਕੇ ਤੋਂ ਦਰਮਿਆਨੇ ਮੀਂਹ ਦੇ ਨਾਲ-ਨਾਲ ਦੂਰ-ਦੁਰਾਡੀਆਂ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ 27 ਤੋਂ 30 ਅਗਸਤ ਤੱਕ ਮੌਸਮ ਖੁਸ਼ਕ ਰਹੇਗਾ।
ਅਧਿਕਾਰੀਆਂ ਨੇ ਪੁਰਾਣੇ ਮਿੱਟੀ ਦੇ ਢਾਂਚੇ ਵਾਲੇ ਘਰਾਂ ਨੂੰ ਸੰਭਾਵੀ ਨੁਕਸਾਨ, ਪਾਣੀ ਦੇ ਰਿਸਾਅ, ਰਸਤਿਆਂ ’ਤੇ ਆਵਾਜਾਈ ਵਿੱਚ ਵਿਘਨ, ਉੱਚੀਆਂ ਥਾਵਾਂ ’ਤੇ ਬਰਫ਼ਬਾਰੀ ਅਤੇ ਸਥਾਨਕ ਜ਼ਮੀਨ ਖਿਸਕਣ ਜਾਂ ਮਿੱਟੀ ਖਿਸਕਣ ਤੋਂ ਚੌਕਸ ਕੀਤਾ ਹੈ। ਲੋਕਾਂ ਨੂੰ ਸੁਚੇਤ ਰਹਿਣ ਅਤੇ ਅਧਿਕਾਰਤ ਐਡਵਾਈਜ਼ਰੀ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਸ ਦੌਰਾਨ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਖਰਾਬ ਮੌਸਮ ਕਾਰਨ ਲੇਹ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਨਤੀਜੇ ਵਜੋਂ ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਲੇਹ ਵਿੱਚ ਥੋੜ੍ਹਾ ਹੋਰ ਸਮਾਂ ਰੁਕਣਗੇ। ਉਨ੍ਹਾਂ ਡੇਢ ਮਹੀਨੇ ਦੇ ਲੱਦਾਖ ਦੌਰੇ ਦੇ ਅੰਤ ਵਿੱਚ ਧਰਮਸ਼ਾਲਾ ਵਿੱਚ ਆਪਣੇ ਨਿਵਾਸ ਸਥਾਨ ਵਾਪਸ ਆਉਣਾ ਸੀ। ਦਲਾਈ ਲਾਮਾ 12 ਜੁਲਾਈ ਨੂੰ ਲੇਹ ਪਹੁੰਚੇ ਸਨ, ਪਰ ਅਧਿਕਾਰੀਆਂ ਅਨੁਸਾਰ, ਮੌਸਮ ਦੀ ਖਰਾਬੀ ਕਾਰਨ ਉਨ੍ਹਾਂ ਦੀ ਉਡਾਣ ਰਵਾਨਾ ਨਹੀਂ ਹੋ ਸਕੀ।

LEAVE A REPLY

Please enter your comment!
Please enter your name here