ਯੂਕੇ ਵਿੱਚ ਹੈਲੀਕਾਪਟਰ ਡਿੱਗਿਆ, ਤਿੰਨ ਮੌਤਾਂ
ਲੰਡਨ “: ਬ੍ਰਿਟੇਨ ਦੇ ਆਇਲ ਆਫ ਵਾਈਟ ਦੇ ਸਮੁੰਦਰੀ ਕੰਢੇ ਸਥਿਤ ਰਿਜ਼ੋਰਟ ਨੇੜੇ ਸਿਖਲਾਈ ਦੌਰਾਨ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ। ਹੈਂਪਸ਼ਾਇਰ ਅਤੇ ਆਇਲ ਆਫ ਵਾਈਟ ਕਾਂਸਟੇਬੁਲਰੀ ਨੇ ਕਿਹਾ ਕਿ ਉਹ ਹਾਲ ਦੀ ਘੜੀ ਮਰਨ ਵਾਲਿਆਂ ਦੀ ਪਛਾਣ ਜਨਤਕ ਨਹੀਂ ਕਰ ਸਕਦੇ ਤੇ ਨਾ ਹੀ ਘਟਨਾ ਬਾਰੇ ਕੋਈ ਟਿੱਪਣੀ ਕਰਨਗੇ।
ਬ੍ਰਿਟਿਸ਼ ਮੀਡੀਆ ਨੇ ਦੱਸਿਆ ਕਿ ਨੌਰਥੰਬਰੀਆ ਹੈਲੀਕਾਪਟਰ ਅਪਰੇਟਰ ਸਰਵਿਸਿਜ਼ ਦਾ ਇਕ ਹੈਲੀਕਾਪਟਰ ਅੱਜ ਹਾਦਸਾਗ੍ਰਸਤ ਹੋ ਗਿਆ। ਇਹ ਹੈਲੀਕਾਪਟਰ ਇੱਕ ਖੇਤ ਵਿੱਚ ਡਿੱਗਿਆ ਸੀ। ਹੈਂਪਸ਼ਾਇਰ ਅਤੇ ਆਇਲ ਆਫ਼ ਵਾਈਟ ਏਅਰ ਐਂਬੂਲੈਂਸ ਵਲੋਂ ਇੱਕ ਡਾਕਟਰ ਅਤੇ ਮਾਹਰ ਪੈਰਾਮੈਡਿਕ ਸਮੇਤ ਦੇਖਭਾਲ ਟੀਮ ਨੂੰ ਰਵਾਨਾ ਕੀਤਾ ਗਿਆ। ਏਅਰ ਐਂਬੂਲੈਂਸ ਸੇਵਾ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਇੱਕ ਗੰਭੀਰ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਹੈ।