ਬੁੱਢੇ ਨਾਲੇ ਦਾ ਜ਼ਹਿਰੀਲਾ ਪਾਣੀ ਸ਼ਹਿਰ ’ਚ ਪੁੱਜਾ, ਲੋਕਾਂ ਵਿੱਚ ਰੋਹ
ਲੁਧਿਆਣਾ : ਬੁੱਢੇ ਨਾਲੇ ਤੋਂ ਰਸਾਇਣਾਂ ਨਾਲ ਭਰੇ ਪਾਣੀ ਨੇ ਲੁਧਿਆਣਾ ਵਿੱਚ ਸੈਂਕੜੇ ਘਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਇਸ ਨਾਲ ਨਾ ਸਿਰਫ਼ ਸ਼ਹਿਰ ਦਾ ਨਾਕਾਮ ਡਰੇਨੇਜ ਢਾਂਚਾ, ਸਗੋਂ ਵਾਤਾਵਰਨ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ਦੀ ਪ੍ਰਣਾਲੀਗਤ ਅਸਫਲਤਾ ਵੀ ਸਾਹਮਣੇ ਆ ਗਈ ਹੈ।
ਰਾਤੋ-ਰਾਤ ਪਏ ਭਾਰੀ ਮੀਂਹ ਕਾਰਨ ਆਏ ਇਸ ਜ਼ਹਿਰੀਲੇ ਹੜ੍ਹ ਨੇ ਲੋਕਾਂ ਵਿੱਚ ਗੁੱਸੇ ਨੂੰ ਮੁੜ ਜਗਾਇਆ ਹੈ ਅਤੇ ਲੋਕ ਲੇਖਾ ਕਮੇਟੀ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ (N7“) ਦੇ ਆਦੇਸ਼ਾਂ ਦੀ ਮਾਣਹਾਨੀ ਬਾਰੇ ਸਖ਼ਤ ਚੇਤਾਵਨੀਆਂ ਦਿੱਤੀਆਂ ਗਈਆਂ ਹਨ।
ਬਿਨਾਂ ਟਰੀਟ ਕੀਤੇ ਉਦਯੋਗਿਕ ਗੰਦੇ ਪਾਣੀ ਅਤੇ ਘਰੇਲੂ ਸੀਵਰੇਜ ਨਾਲ ਭਰਿਆ ਹੜ੍ਹ ਦਾ ਪਾਣੀ ਧੋਕਾ ਮੁਹੱਲਾ, ਧਰਮਪੁਰਾ, ਸ਼ਿਵਾਜੀ ਨਗਰ, ਕਸ਼ਮੀਰ ਨਗਰ, ਮਹਾਰਾਜ ਨਗਰ, ਕੁੰਦਨਪੁਰੀ ਅਤੇ ਸ਼ਿੰਗਾਰ ਤੇ ਚੰਦ ਸਿਨੇਮਾ ਖੇਤਰਾਂ ਸਮੇਤ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਵੜ ਗਿਆ।
ਗੋਡਿਆਂ ਤੱਕ ਆਏ ਡੂੰਘੇ ਕਾਲੇ ਪਾਣੀ ਦੀ ਭਿਆਨਕ ਬਦਬੂ ਕਾਰਨ ਖਾਣਾ-ਪੀਣਾ ਅਤੇ ਸੌਣਾ ਅਸੰਭਵ ਹੋ ਗਿਆ ਸੀ। ਧੋਖਾ ਮੁਹੱਲਾ ਦੇ ਬੌਬੀ ਜੁਨੇਜਾ ਨੇ ਕਿਹਾ, ‘‘ਜਦੋਂ ਵੀ ਭਾਰੀ ਮੀਂਹ ਪੈਂਦਾਂ ਹੈ ਤਾਂ ਅਜਿਹਾ ਹੁੰਦਾ ਹੈ।ਸਾਡੇ ਬਿਸਤਰੇ, ਫਰਿੱਜ, ਕੁਰਸੀਆਂ – ਸਭ ਕੁਝ ਖਰਾਬ ਹੋ ਗਿਆ ਹੈ। ਸਰਕਾਰ ਨੇ ਬੁੱਢੇ ਨਾਲੇ ਨੂੰ ਸਹੀ ਢੰਗ ਨਾਲ ਸਾਫ਼ ਨਹੀਂ ਕੀਤਾ, ਭਾਵੇਂ ਕਿ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਸੀ।’’
ਜਦੋਂ ਜ਼ੋਨ ਬੀ ਦਾ ਮਿਉਂਸਪਲ ਕਾਰਪੋਰੇਸ਼ਨ ਦਫ਼ਤਰ ਵੀ ਪਾਣੀ ਵਿੱਚ ਡੁੱਬ ਗਿਆ, ਤਾਂ ਕਰਮਚਾਰੀਆਂ ਨੂੰ ਦਸਤਾਵੇਜ਼ਾਂ ਅਤੇ ਉਪਕਰਣਾਂ ਨੂੰ ਬਚਾਉਣ ਲਈ ਮੁਸ਼ੱਕਤ ਕਰਨੀ ਪਈ। ਇਹ ਘਟਨਾ ਪ੍ਰਸ਼ਾਸਨਿਕ ਕਮਜ਼ੋਰੀ ਵੱਡੇ ਰੂਪ ਵਿਚ ਦਰਸਾਉਂਦੀ ਹੈ।
ਪੀਏਸੀ ਨੇ ਸਤਲੁਜ ਤੋਂ ਪਾਣੀ ਦੇ ਉਲਟ ਵਹਾਅ ਅਤੇ ਭੱਟੀਆਂ ਸੀਵਰੇਜ ਟਰੀਟਮੈਂਟ ਪਲਾਂਟ ਦੇ ਖਰਾਬ ਹੋਣ ਤੋਂ ਬਾਅਦ 1 ਸਤੰਬਰ ਨੂੰ ਡਾਇੰਗ ਯੂਨਿਟਾਂ ਦੇ ਬੰਦ ਹੋਣ ਦਾ ਹਵਾਲਾ ਦਿੱਤਾ। ਪੀਏਸੀ ਨੇ ਜ਼ੋਰ ਦੇ ਕੇ ਕਿਹਾ, ਉਹੀ ਜ਼ਹਿਰੀਲਾ ਪਾਣੀ ਜੋ ਲੁਧਿਆਣਾ ਦੇ ਘਰਾਂ ਵਿੱਚ ਹੜ੍ਹ ਦਾ ਕਾਰਨ ਬਣ ਰਿਹਾ ਹੈ, ਹੇਠਾਂ ਦੱਖਣੀ ਪੰਜਾਬ ਅਤੇ ਰਾਜਸਥਾਨ ਵਿੱਚ ਪੀਣ ਲਈ ਵਰਤਿਆ ਜਾਂਦਾ ਹੈ।