ਪ੍ਰਧਾਨ ਮੰਤਰੀ ਦਾ ਪੰਜਾਬ ਵੱਲ ਧਿਆਨ ਨਾ ਦੇਣਾ ਦੁਖਦਾਈ: ਗਿਆਨੀ ਹਰਪ੍ਰੀਤ ਸਿੰਘ

0
170

ਪ੍ਰਧਾਨ ਮੰਤਰੀ ਦਾ ਪੰਜਾਬ ਵੱਲ ਧਿਆਨ ਨਾ ਦੇਣਾ ਦੁਖਦਾਈ: ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਦੀ ਭਰਤੀ ਕਮੇਟੀ ਵੱਲੋਂ ਗਠਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਅਤੇ ਮੌਜੂਦਾ ਹੜ੍ਹ ਪ੍ਰਭਾਵਿਤ ਸਥਿਤੀ ਵੱਲ ਧਿਆਨ ਨਾ ਦੇਣਾ ਅਤੀ ਦੁਖਦਾਈ ਹੈ।
ਉਨ੍ਹਾਂ ਨੇ ਇਹ ਪ੍ਰਗਟਾਵਾ ਆਪਣੇ ਸੋਸ਼ਲ ਮੀਡੀਆ ਖਾਤੇ ‘ਐਕਸ’ ਰਾਹੀਂ ਕੀਤਾ ਹੈ। ਸਾਬਕਾ ਜਥੇਦਾਰ ਨੇ ਆਪਣਾ ਇਹ ਪ੍ਰਤੀਕਰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਕਸ ਤੇ ਅਫਗਾਨਿਸਤਾਨ ਵਿੱਚ ਆਏ ਭੁਚਾਲ ਵਿੱਚ ਹੋਏ ਜਾਨੀ ਨੁਕਸਾਨ ਤੇ ਕੀਤੇ ਗਏ ਦੁੱਖ ਦੇ ਪ੍ਰਗਟਾਵੇ ਦੇ ਪ੍ਰਤੀਕਰਮ ਵਜੋਂ ਕੀਤਾ ਹੈ।
ਜ਼ਿਕਰਯੋਗ ਹੈਕਿ ਪ੍ਰਧਾਨ ਮੰਤਰੀ ਨੇ ਅਫਗਾਨੀਸਤਾਨ ਵਿਚ ਜ਼ਖਮੀਆਂ ਲਈ ਸਿਹਤਯਾਬੀ ਦੀ ਕਾਮਨਾ ਕੀਤੀ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਨਾਲ ਆਪਣੇ ਹਮਦਰਦੀ ਅਤੇ ਸੰਵੇਦਨਾ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਆਪਣੀ ਪੋਸਟ ਵਿਚ ਕਿਹਾ ਹੈ ਕਿ, ‘‘ਦੁੱਖ ਦੀ ਘੜੀ ਵਿੱਚ ਭਾਰਤ ਅਫਗਾਨਿਸਤਾਨ ਦੇ ਲੋਕਾਂ ਨਾਲ ਖੜਾ ਹੈ ਅਤੇ ਪ੍ਰਭਾਵਿਤ ਮਨੁੱਖਤਾ ਦੀ ਹਰ ਸੰਭਵ ਮਦਦ ਤੇ ਪ੍ਰਭਾਵਿਤ ਲੋਕਾਂ ਨੂੰ ਰਾਹਤ ਮੁਹਈਆ ਕਰਨ ਲਈ ਯਤਨ ਕੀਤਾ ਜਾਵੇਗਾ।’’
ਪ੍ਰਧਾਨ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, ‘‘ਪ੍ਰਧਾਨ ਮੰਤਰੀ ਵੱਲੋਂ ਅਫਗਾਨਿਸਤਾਨ ਵਿੱਚ ਵਾਪਰੀ ਦੁਖਦਾਈ ਘਟਨਾ ਤੇ ਦੁਖ ਦਾ ਪ੍ਰਗਟਾਵਾ ਕਰਨਾ ਤੇ ਹਮਦਰਦੀ ਜਾਹਿਰ ਕਰਨਾ ਚੰਗੀ ਗੱਲ ਹੈ ਪਰ ਪੰਜਾਬ ਭਾਰਤ ਦਾ ਹਿੱਸਾ ਹੈ ਜਿੱਥੇ ਪੰਜਾਬ ਵਿੱਚ ਹੜ੍ਹਾਂ ਕਾਰਨ ਲਗਪਗ 1500 ਪਿੰਡ ਪ੍ਰਭਾਵਿਤ ਹੋਏ ਹਨ ਅਤੇ ਲਗਭਗ 3 ਲੱਖ ਲੋਕ ਹੜ੍ਹਾਂ ਦੀ ਮਾਰ ਹੇਠ ਹਨ।’’ ਉਨ੍ਹਾਂ ਕਿਹਾ ਕਿ 17 ਅਗਸਤ ਤੋਂ ਪੰਜਾਬ ਅਜਿਹੀ ਸਥਿਤੀ ਨਾਲ ਜੂਝ ਰਿਹਾ ਹੈ। ਪਰ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਦੀ ਅਜਿਹੀ ਸਥਿਤੀ ਵੱਲ ਰੱਤੀ ਭਰ ਵੀ ਧਿਆਨ ਨਾ ਦੇਣਾ ਅਤੀ ਦੁਖਦਾਈ ਹੈ।

LEAVE A REPLY

Please enter your comment!
Please enter your name here