ਕੈਨੇਡਾ ਅਤੇ ਅਮਰੀਕਾ ’ਚ ਮਨੁੱਖੀ ਤਸਕਰੀ ਦੇ ਦੋਸ਼ਾਂ ਹੇਠ ਭਾਰਤੀ ਗੁਜਰਾਤੀ ਗ੍ਰਿਫ਼ਤਾਰ

0
35

ਕੈਨੇਡਾ ਅਤੇ ਅਮਰੀਕਾ ’ਚ ਮਨੁੱਖੀ ਤਸਕਰੀ ਦੇ ਦੋਸ਼ਾਂ ਹੇਠ ਭਾਰਤੀ ਗੁਜਰਾਤੀ ਗ੍ਰਿਫ਼ਤਾਰ
ਵਿਨੀਪੈਗ : ਕੈਨੇਡਾ ਅਤੇ ਅਮਰੀਕਾ ’ਚ ਮਨੁੱਖੀ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਗੁਜਰਾਤੀ ਮੂਲ ਦੇ ਫਨਿਲ ਪਟੇਲ ਨੂੰ ਬੀਤੇ ਦਿਨੀਂ ਬਰੈਂਪਟਨ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕੀ ਨਿਆਂ ਵਿਭਾਗ ਵੱਲੋਂ ਜਾਰੀ ਵਾਰੰਟ ਦੇ ਆਧਾਰ ’ਤੇ ਉਸ ਨੂੰ ਕੈਨੇਡੀਅਨ ਅਧਿਕਾਰੀਆਂ ਵੱਲੋਂ ਅਮਰੀਕੀ ਹਿਰਾਸਤ ਵਿਚ ਭੇਜੇ ਜਾਣ ਦੀ ਸੰਭਾਵਨਾ ਹੈ।
ਤਿੰਨ ਸਾਲ ਪਹਿਲਾਂ ਗੁਜਰਾਤ ਤੋਂ ਚੱਲ ਕੇ ਕੈਨੇਡਾ ’ਚ ਮੈਨੀਟੋਬਾ ਪ੍ਰਾਂਤ ਦੇ ਰਸਤੇ ਦੇਰ ਰਾਤ ਨੂੰ ਏਮਰਸੋਨ ਸਰਹੱਦ ਤੋਂ ਅਮਰੀਕਾ ਦੇ ਮਿਨੀਸੋਟਾ ਰਾਜ ’ਚ ਲੰਘਣ ਦੀ ਕੋਸ਼ਿਸ਼ ਵਿਚ ਦੋ ਬੱਚਿਆਂ ਸਮੇਤ ਇਕ ਭਾਰਤੀ ਪਰਿਵਾਰ ਦੇ ਚਾਰ ਜੀਅ ਬਰਫ਼ੀਲੀ ਠੰਢ (-35 ਡਿੱਗਰੀ ਸੈਂਟੀਗਰੇਡ, ਸੀਤ ਸਰਦ) ਵਿਚ ਮੌਤ ਦਾ ਸ਼ਿਕਾਰ ਹੋ ਗਏ ਸਨ। ਉਨ੍ਹਾਂ ਦੇ ਨਾਂ ਜਗਦੀਸ਼ ਪਟੇਲ (37), ਉਸ ਦੀ ਪਤਨੀ ਵੈਸ਼ਾਲੀ ਪਟੇਲ (37), ਬੇਟੀ ਵਿਹੰਗੀ ਪਟੇਲ (11) ਤੇ ਬੇਟਾ ਧਾਰਮਿਕ ਪਟੇਲ (3) ਸਨ। ਉਨ੍ਹਾਂ ਦੀਆਂ ਲਾਸ਼ਾਂ ਕੈਨੇਡਾ ਵਾਲੇ ਪਾਸੇ ਅਮਰੀਕੀ ਸਰਹੱਦ ਤੋਂ 12 ਕੁ ਮੀਟਰ ਦੂਰ ਮਿਲੀਆਂ ਸਨ। ਉਦੋਂ ਤੋਂ ਦੋਵਾਂ ਦੇਸ਼ਾਂ ਦੇ ਜਾਂਚ ਅਧਿਕਾਰੀ ਮਨੁੱਖੀ ਤਸਕਰੀ ਦੇ ਇਸ ਕੇਸ ਦੀ ਜਾਂਚ ਵਿਚ ਜੁਟੇ ਹਨ।
ਅਮਰੀਕਾ ਵਿਚ ਉਪਰੋਕਤ ਫਨਿਲ ਪਟੇਲ ਦੇ ਦੋ ਸਾਥੀ ਅਦਾਲਤ ਵੱਲੋਂ ਸਜ਼ਾ ਯਾਫ਼ਤਾ ਕੀਤੇ ਜਾ ਚੁੱਕੇ ਹਨ। ਭਾਰਤ ਵਿਚ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਵੱਲੋਂ ਇਸ ਮਾਮਲੇ ’ਚ ਫਨਿਲ ਅਤੇ ਉਸ ਦੇ ਇਕ ਸਾਥੀ ਦਾ ਵਾਰੰਟ ਕੱਢਿਆ ਹੋਇਆ ਹੈ। ਜਾਣਕਾਰੀ ਅਨੁਸਾਰ ਗ੍ਰਿਫ਼ਤਾਰੀ ਤੋਂ ਬਚਣ ਲਈ ਫਨਿਲ ਬੀਤੇ ਸਾਲਾਂ ਦੌਰਾਨ ਅਮਰੀਕਾ ਤੋਂ ਇਲਾਵਾ ਵੈਨਕੂਵਰ, ਓਟਾਵਾ, ਟੋਰਾਂਟੋ, ਬਰੈਂਪਟਨ ਆਦਿ ਸ਼ਹਿਰਾਂ ਵਿਚ ਆਪਣੇ ਟਿਕਾਣੇ ਬਦਲਦਾ ਰਿਹਾ ਹੈ। ਉਸ ਦੇ ਸਾਥੀ ਹਰਸ਼ ਕੁਮਾਰ ਪਟੇਲ (ਭਾਰਤੀ ਨਾਗਰਿਕ) ਅਤੇ ਸਟੀਵ ਸ਼ਾਂਦ (ਫਲੋਰੀਡਾ ਵਾਸੀ) ਅਮਰੀਕਾ ਵਿਖੇ ਮਿਨੀਸੋਟਾ ਅਦਾਲਤ ਵੱਲੋਂ ਮਨੁੱਖੀ ਤਸਕਰੀ ਅਤੇ ਇਸ ਧੰਦੇ ਵਿਚੋਂ ਕਮਾਈ ਕਰਨ ਦੇ ਕੇਸ ਵਿਚ ਦੋਸ਼ੀ ਪਾਏ ਜਾ ਚੁੱਕੇ ਹਨ ਤੇ ਬੀਤੇ ਮਈ ਮਹੀਨੇ ਵਿਚ ਦੋਵਾਂ ਨੂੰ ਕ੍ਰਮਵਾਰ 10 ਸਾਲ ਤੇ ਸਾਢੇ ਛੇ ਸਾਲਾਂ ਦੀ ਕੈਦ ਹੋਈ। ਸ਼ਾਂਦ ਨੂੰ ਕੈਨੇਡਾ ’ਚ ਭਾਰਤੀਆਂ ਨਾਲ਼ ਭਰੀ ਵੈਨ ਸਮੇਤ ਸਰਹੱਦ ਨੇੜੇ ਕਾਬੂ ਕੀਤਾ ਗਿਆ ਸੀ।
ਹਰਸ਼ ਕੁਮਾਰ ਨੂੰ ਅਮਰੀਕਾ ਦੇ ਸ਼ਿਕਾਗੋ ਤੋਂ ਫੜਿਆ ਗਿਆ ਸੀ। ਓਧਰ ਅਮਰੀਕੀ ਨਿਆਂ ਵਿਭਾਗ ਵੱਲੋਂ ਫਨਿਲ ਦੀ ਗ੍ਰਿਫ਼ਤਾਰੀ ਦਾ ਵਾਰੰਟ ਕੱਢਿਆ ਹੋਇਆ ਹੈ, ਜਿਸ ਦੇ ਆਧਾਰ ’ਤੇ ਉਸ ਨੂੰ ਕੇਸ ਭੁਗਤਣ ਲਈ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਕੀਤੇ ਜਾਣ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ।

ਕੈਨੇਡਾ ਅਤੇ ਅਮਰੀਕਾ ’ਚ ਮਨੁੱਖੀ ਤਸਕਰੀ ਦੇ ਦੋਸ਼ਾਂ ਹੇਠ ਭਾਰਤੀ ਗੁਜਰਾਤੀ ਗ੍ਰਿਫ਼ਤਾਰ

LEAVE A REPLY

Please enter your comment!
Please enter your name here