ਇਜ਼ਰਾਇਲੀ ਜਲਸੈਨਾ ਨੇ ‘ਫਲੋਟਿਲਾ’ ਬੇੜੇ ਦਾ ਰਾਹ ਰੋਕਿਆ

0
246

ਇਜ਼ਰਾਇਲੀ ਜਲਸੈਨਾ ਨੇ ‘ਫਲੋਟਿਲਾ’ ਬੇੜੇ ਦਾ ਰਾਹ ਰੋਕਿਆ
ਯੇਰੂਸ਼ਲਮ, ਇਜ਼ਰਾਇਲੀ ਜਲਸੈਨਾ ਨੇ ਬੁੱਧਵਾਰ ਰਾਤ ਨੂੰ ਗਾਜ਼ਾ ਦੀ ਸਾਗਰੀ ਨਾਕੇਬੰਦੀ ਵਿਚ ਸੰਨ੍ਹ ਲਾਉਣ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱੱਤਾ।
ਜਲਸੈਨਾ ਨੇ ਭੂਮੱੱਧ ਸਾਗਰ ਵਿਚ ‘ਗਲੋਬਲ ਸੁਮੂਦ ਫਲੋਟਿਲਾ’ ਨੂੰ ਰੋਕ ਦਿੱਤਾ। ਕਰੀਬ 50 ਕਿਸ਼ਤੀਆਂ ਤੇ 500 ਕਾਰਕੁਨਾਂ ਵਾਲਾ ਇਹ ਬੇੜਾ ਗਾਜ਼ਾ ਦੇ ਸਾਹਿਲ ’ਤੇ ਮਾਨਵੀ ਸਹਾਇਤਾ ਪਹੁੰਚਾਉਣ ਦੇ ਇਰਾਦੇ ਨਾਲ ਰਵਾਨਾ ਹੋਇਆ ਸੀ। ਇਨ੍ਹਾਂ ਵਿਚ ਵਾਤਾਵਰਨ ਕਾਰਕੁਨ ਗ੍ਰੇਟਾ ਥੁਨਬਰਗ, ਨੈਲਸਨ ਮੰਡੇਲਾ ਦਾ ਪੋਤਾ ਮੰਡਲਾ ਮੰਡੇਲਾ, ਬਾਰਸੀਲੋਨਾ ਦੀ ਸਾਬਕਾ ਮੇਅਰ ਐਡਾ ਕੋਲਾਓ ਤੇ ਕਈ ਯੂਰਪੀ ਸੰਸਦ ਮੈਂਬਰ ਸ਼ਾਮਲ ਸਨ। ਇਜ਼ਰਾਇਲੀ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਹਨ ਤੇ ਇਨ੍ਹਾਂ ਨੂੰ ਅਸ਼ਦੂਦ ਬੰਦਰਗਾਹ ਲਿਆ ਕੇ ਡਿਪੋਰਟ ਕੀਤਾ ਜਾਵੇਗਾ।
ਪ੍ਰਬੰਧਕਾਂ ਅਨੁਸਾਰ ਗਾਜ਼ਾ ਤੋਂ ਕਰੀਬ 70 ਸਮੁੰਦਰੀ ਮੀਲ ਦੂਰ ‘ਸੀਰੀਅਸ’, ‘ਅਲਮਾ’, ਅਤੇ ‘ਅਦਾਰਾ’ ਨਾਮ ਦੀਆਂ ਤਿੰਨ ਕਿਸ਼ਤੀਆਂ ਨੂੰ ਰੋਕਿਆ ਗਿਆ। ਇੱਕ ਸਾਬਕਾ ਅਮਰੀਕੀ ਫੌਜੀ ਗ੍ਰੇਗ ਸਟੋਕਰ ਨੇ ਕਿਹਾ ਕਿ ਲਗਪਗ ਇੱਕ ਦਰਜਨ ਇਜ਼ਰਾਈਲੀ ਜਲਸੈਨਾ ਦੇ ਜਹਾਜ਼ਾਂ ਨੇ ਅਚਾਨਕ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਇੰਜਣ ਬੰਦ ਕਰਨ ਦਾ ਆਦੇਸ਼ ਦਿੱਤਾ। ਕੁਝ ਕਾਰਕੁਨਾਂ ਨੇ ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਕਿ ਇਜ਼ਰਾਈਲੀ ਬਲਾਂ ਨੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ। ਇਸ ਦੇ ਬਾਵਜੂਦ, ਕਾਰਕੁਨਾਂ ਦਾ ਕਹਿਣਾ ਹੈ ਕਿ ਉਹ ਗਾਜ਼ਾ ਦੀ ਨਾਕਾਬੰਦੀ ਤੋੜਨ ਦੇ ਆਪਣੇ ਮਿਸ਼ਨ ਤੋਂ ਪਿੱਛੇ ਨਹੀਂ ਹਟਣਗੇ।
ਦੱਸਣਯੋਗ ਹੈ ਕਿ ਇਹ ਬੇੜਾ ‘ਫਲੋਟਿਲਾ’ ਇੱਕ ਮਹੀਨਾ ਪਹਿਲਾਂ ਸਪੇਨ ਦੇ ਬਾਰਸੀਲੋਨਾ ਤੋਂ ਰਵਾਨਾ ਹੋਇਆ ਸੀ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਯਤਨ ਹੈ, ਜਿਸ ਵਿੱਚ ਦਰਜਨਾਂ ਕਿਸ਼ਤੀਆਂ ਪਿਛਲੇ 18 ਸਾਲਾਂ ਤੋਂ ਜਾਰੀ ਇਜ਼ਰਾਈਲ ਦੀ ਸਮੁੰਦਰੀ ਨਾਕਾਬੰਦੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਕਿਸ਼ਤੀਆਂ ’ਤੇ ਸਵਾਰ ਕਾਰਕੁਨਾਂ ਨੇ ਗਾਜ਼ਾ ਦੇ ਲੋਕਾਂ ਨਾਲ ਏਕਤਾ ਦੇ ਲਾਈਵ ਸੰਦੇਸ਼ ਪ੍ਰਸਾਰਿਤ ਕੀਤੇ ਅਤੇ ‘ਆਜ਼ਾਦ ਫਲਸਤੀਨ’ ਦੇ ਨਾਅਰੇ ਲਗਾਏ।

LEAVE A REPLY

Please enter your comment!
Please enter your name here