ਤਿੰਨ ਵਿਗਿਆਨੀਆਂ ਨੂੰ ਫਿਜ਼ੀਕਸ ਨੋਬੇਲ ਪੁਰਸਕਾਰ
ਸਟਾਕਹੋਮ, ਜੌਹਨ ਕਲਾਰਕ, ਮਾਈਕਲ ਐੱਚ ਡੈਵੋਰੇਟ ਅਤੇ ਜੌਹਨ ਐੱਮ ਮਾਰਟਿਨਜ਼ ਨੂੰ ਕੁਆਂਟਮ ਮਕੈਨਿਕਸ ਟਨਲਿੰਗ ’ਚ ਉਨ੍ਹਾਂ ਦੀ ਖੋਜ ਲਈ ਭੌਤਿਕ ਦੇ ਨੋਬੇਲ ਪੁਰਸਕਾਰ ਲਈ ਸਨਮਾਨਿਤ ਕਰਨ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ ਹੈ। ਤਿੰਨੇਂ ਵਿਗਿਆਨੀਆਂ ਨੂੰ 10 ਦਸੰਬਰ ਨੂੰ ਕਰਵਾਏ ਜਾਣ ਵਾਲੇ ਸਮਾਗਮ ’ਚ ਇਹ ਪੁਰਸਕਾਰ ਦਿੱਤਾ ਜਾਵੇਗਾ। ਸਾਲ 1901 ਤੋਂ 2024 ਵਿਚਾਲੇ 118 ਵਾਰ ਭੌਤਿਕ ਦੇ ਖੇਤਰ ’ਚ ਇਸ ਸਨਮਾਨ ਦਿੱਤਾ ਜਾ ਚੁੱਕਾ ਹੈ ਅਤੇ ਹੁਣ ਤੱਕ 226 ਵਿਗਿਆਨੀ ਭੌਤਿਕ ਦੇ ਨੋਬੇਲ ਪੁਰਸਕਾਰ ਨਾਲ ਸਨਮਾਨੇ ਜਾ ਚੁੱਕੇ ਹਨ। ਸਟਾਕਹੋਮ ਸਥਿਤ ਰੌਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ਵੱਲੋਂ ਇਸ ਸਾਲ ਐਲਾਨਿਆ ਗਿਆ ਇਹ ਦੂਜਾ ਨੋਬੇਲ ਪੁਰਸਕਾਰ ਹੈ। ਇੱਕ ਦਿਨ ਪਹਿਲਾਂ ਤਿੰਨ ਵਿਗਿਆਨੀਆਂ ਨੂੰ ਮੈਡੀਸਿਨ ਦੇ ਖੇਤਰ ’ਚ ਯੋਗਦਾਨ ਬਦਲੇ ਨੋਬੇਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਸੀ।