ਪੰਜ ਤੱਤਾਂ ਵਿੱਚ ਵਿਲੀਨ ਹੋਇਆ ਰਾਜਵੀਰ ਜਵੰਦਾ
ਜਿੱਥੋਂ ਗਾਇਕੀ ਦਾ ਸੁਫ਼ਨਾ ਦੇਖਿਆ, ਉਸ ਸਕੂਲ ਦੇ ਮੈਦਾਨ ’ਤੇ ਹੋਇਆ ਸਸਕਾਰ
ਅੰਤਿਮ ਯਾਤਰਾ ਵਿਚ ਵੱਡੀ ਗਿਣਤੀ ਪ੍ਰਸ਼ੰਸਕ ਸ਼ਾਮਲ ਹੋਏ
ਲੁਧਿਆਣਾ : ਗਾਇਕ ਰਾਜਵੀਰ ਜਵੰਦਾ ਦਾ ਨਜ਼ਦੀਕੀ ਪਿੰਡ ਪੋਨਾ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਿਸ ਥਾਂ ਗਾਇਕ ਦਾ ਅੰਤਿਮ ਸੰਸਕਾਰ ਹੋਇਆ ਉਹ ਸਕੂਲ ਦੇ ਬਿਲਕੁਲ ਨਾਲ ਲੱਗਦੀ ਉਹੀ ਥਾਂ ਹੈ ਜਿੱਥੇ ਬਣੀ ਸਟੇਜ ’ਤੇ ਉਸ ਨੇ ਪਹਿਲੀ ਵਾਰ ਗਾਇਆ ਸੀ। ਆਪਣੀ ਗਾਇਕੀ ਰਾਹੀਂ ਦੁਨੀਆਂ ਭਰ ਵਿੱਚ ਧੁੰਮਾਂ ਪਾਉਣ ਵਾਲੇ ਰਾਜਵੀਰ ਜਵੰਦਾ ਦੀ ਅੰਤਿਮ ਯਾਤਰਾ ਸਮੇਂ ਮਾਹੌਲ ਬੇਹੱਦ ਗ਼ਮਗੀਨ ਹੋਇਆ। ਇਸ ਮੌਕੇ ਕਈ ਨਾਮੀਂ ਗਾਇਕ ਤੇ ਕਲਾਕਾਰ ਪੁੱਜੇ। ਇਸ ਤੋਂ ਇਲਾਵਾ ਸਿਆਸੀ ਤੇ ਸਮਾਜਿਕ ਆਗੂ ਵੀ ਵੱਡੀ ਗਿਣਤੀ ਵਿੱਚ ਰਾਜਵੀਰ ਜਵੰਦਾ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਮਰਹੂਮ ਗਾਇਕ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਵੰਡਾਇਆ।
ਅੰਤਿਮ ਯਾਤਰਾ ਵਿੱਚ ਗਾਇਕ ਸਤਿੰਦਰ ਸਰਤਾਜ, ਬੱਬੂ ਮਾਨ, ਐਮੀ ਵਿਰਕ, ਮੁਹੰਮਦ ਸਦੀਕ, ਕਰਮਜੀਤ ਅਨਮੋਲ, ਸਰਦਾਰ ਸੋਹੀ, ਕੰਵਰ ਗਰੇਵਾਲ, ਮਨਕੀਰਤ ਔਲਖ, ਰਣਜੀਤ ਬਾਵਾ, ਜੱਸ ਬਾਜਵਾ, ਗਾਇਕਾ ਗੁਰਲੇਜ਼ ਅਖ਼ਤਰ, ਕੁਲਵਿੰਦਰ ਬਿੱਲਾ, ਰਾਵਿੰਦਰ ਗਰੇਵਾਲ, ਸੁਖਵਿੰਦਰ ਸੁੱਖੀ, ਹਿੰਮਤ ਸੰਧੂ, ਮਰਹੂਮ ਦੀਪ ਸਿੱਧੂ ਦੇ ਭਰਾ ਐਡਵੋਕੇਟ ਮਨਦੀਪ ਸਿੱਧੂ, ਰੇਸ਼ਮ ਅਨਮੋਲ ਤੋਂ ਇਲਾਵਾ ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ, ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਭੈਣੀ, ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਐਕਸੀਅਨ ਗੁਰਪ੍ਰੀਤਮਹਿੰਦਰ ਸਿੱਧੂ, ਐਡਵੋਕੇਟ ਸੰਦੀਪ ਗੋਇਲ, ਹਰਮੀਤ ਸੰਘਾ, ਸਾਬਕਾ ਸਰਪੰਚ ਗੁਰਵਿੰਦਰ ਸਿੰਘ ਪੋਨਾ, ਸਰਪੰਚ ਹਰਪ੍ਰੀਤ ਸਿੰਘ ਰਾਜੂ, ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਸਵਰਨ ਸਿੰਘ ਤਿਹਾੜਾ, ਦੀਦਾਰ ਸਿੰਘ ਮਲਕ, ਨਿਰਭੈ ਸਿੰਘ ਸਿੱਧੂ ਆਦਿ ਵੀ ਹਾਜ਼ਰ ਸਨ।
ਰਾਜਵੀਰ ਨੇ ਬੁੱਧਵਾਰ ਸਵੇਰੇ 10:55 ਵਜੇ ਆਖਰੀ ਸਾਹ ਲਏ। ਜਵੰਦਾ ਨਿਵਾਸ ਤੋਂ ਪਿੰਡ ਦੇ ਸਰਕਾਰੀ ਸਕੂਲ ਤੱਕ ਦੀ ਅੰਤਿਮ ਯਾਤਰਾ ਵਿਚ ਸੰਗੀਤ ਜਗਤ ਦੀਆਂ ਨਾਮਵਰ ਹਸਤੀਆਂ ਅਤੇ ਕਲਾ ਪ੍ਰੇਮੀਆਂ ਸਮੇਤ ਹਜ਼ਾਰਾਂ ਪ੍ਰਸ਼ੰਸਕ ਸ਼ਾਮਲ ਹੋਏ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ, ਕੁਲਵਿੰਦਰ ਬਿੱਲਾ, ਬੱਬੂ ਮਾਨ, ਕੰਵਰ ਗਰੇਵਾਲ, ਪੁਖਰਾਜ ਭੱਲਾ, ਕਰਮਜੀਤ ਅਨਮੋਲ ਅਤੇ ਮਲਕੀਤ ਰੌਣੀ ਸਮੇਤ ਸੰਗੀਤ ਤੇ ਫ਼ਿਲਮ ਉਦਯੋਗ ਦੇ ਦਰਜਨਾਂ ਕਲਾਕਾਰਾਂ ਨੇ ਰਾਜਵੀਰ ਨੂੰ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਸ਼ਰਧਾਂਜਲੀ ਭੇਟ ਕੀਤੀ।