ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਦਾ ਭਾਰਤ ਦੌਰਾ ਅਗਲੇ ਹਫ਼ਤੇ

0
149

ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਦਾ ਭਾਰਤ ਦੌਰਾ ਅਗਲੇ ਹਫ਼ਤੇ
ਓਟਾਵਾ : ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਅਗਲੇ ਹਫ਼ਤੇ ਭਾਰਤ ਦੌਰੇ ’ਤੇ ਆਉਣਗੇ। ਇਹ ਇਸ ਵਰ੍ਹੇ ਦੇ ਸ਼ੁਰੂ ’ਚ ਵਿਦੇਸ਼ ਮੰਤਰੀ ਵਜੋਂ ਕਾਰਜਭਾਰ ਸੰਭਾਲਣ ਮਗਰੋਂ ਉਨ੍ਹਾਂ ਦਾ ਭਾਰਤ ਦਾ ਪਹਿਲਾ ਅਧਿਕਾਰਤ ਦੌਰਾ ਹੋਵੇਗਾ।
ਅਨੀਤਾ ਆਨੰਦ ਦਾ ਇਹ ਦੌਰਾ ਭਾਰਤ ਤੇ ਕੈਨੇਡਾ ਵਿਚਾਲੇ ਦੁਵੱਲੇ ਸਬੰਧਾਂ ਦੀ ਬਹਾਲੀ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਲੰਘੀ 29 ਸਤੰਬਰ ਨੂੰ ਨਿਊਯਾਰਕ ਸੰਯੁਕਤ ਰਾਸ਼ਟਰ ਆਮ ਸਭਾ ਤੋਂ ਵੱਖਰੇ ਤੌਰ ’ਤੇ ਅਨੀਤਾ ਆਨੰਦ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਨੂੰ ‘ਚੰਗੀ ਮੁਲਾਕਾਤ’ ਦੱਸਦਿਆਂ ਉਨ੍ਹਾਂ ਨੇ ਸਬੰਧਾਂ ਦੀ ਬਹਾਲੀ ’ਚ ਉਸਾਰੂ ਕਦਮ ਵਜੋਂ ਹਾਈ ਕਮਿਸ਼ਨਰਾਂ ਦੀ ਨਿਯੁਕਤੀ ਦਾ ਸਵਾਗਤ ਕੀਤਾ। ਜੈਸ਼ੰਕਰ ਨੇ ਐਕਸ ’ਤੇ ਪੋਸਟ ’ਚ ਇਹ ਵੀ ਕਿਹਾ, ‘‘ਭਾਰਤ ਵਿੱਚ ਵਿਦੇਸ਼ ਮੰਤਰੀ ਦੇ ਸਵਾਗਤ ਲਈ ਤਿਆਰ ਹਾਂ।’’
ਸਾਲ 2023 ’ਚ ਪੈਦਾ ਹੋਏ ਤਣਾਅ ਮਗਰੋਂ ਭਾਰਤ ਤੇ ਕੈਨੇਡਾ ਆਪਣੇ ਸਬੰਧ ਸੁਧਾਰਨ ’ਚ ਜੁਟੇ ਹੋਏ ਹਨ। ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ’ਤੇ ਖਾਲਿਸਤਾਨੀ ਅਤਿਵਾਦੀ ਹਰਦੀਪ ਸਿੰਘ ਨਿੱਜਰ ਦੀ ਹੱਤਿਆ ’ਚ ਸ਼ਮੂਲੀਅਤ ਦਾ ਦੋਸ਼ ਲਾਇਆ ਸੀ। ਭਾਰਤ ਨੇ ਦੋਸ਼ਾਂ ਨੂੰ ਖਾਰਜ ਕਰਦਿਆਂ ਇਨ੍ਹਾਂ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਸੀ ਅਤੇ ਕੈਨੇਡਾ ’ਤੇ ਖਾਲਿਸਤਾਨੀ ਅਤਿਵਾਦੀਆਂ ਨੂੰ ਸੁਰੱਖਿਅਤ ਪਨਾਹ ਮੁਹੱਈਆ ਕਰਵਾਉਣ ਦਾ ਦੋਸ਼ ਲਾਇਆ ਸੀ। ਸਬੰਧਾਂ ’ਚ ਸੁਧਾਰ ਦੀ ਕਵਾਇਦ ਤਹਿਤ ਅਗਸਤ ਮਹੀਨੇ ਦੋਵਾਂ ਮੁਲਕਾਂ ਨੇ ਆਪੋ-ਆਪਣੇ ਹਾਈ ਕਮਿਸ਼ਨਰ ਬਹਾਲ ਕਰ ਦਿੱਤੇ ਸਨ।

LEAVE A REPLY

Please enter your comment!
Please enter your name here