ਭਾਰਤ-ਬਰਤਾਨੀਆ ’ਚ ਮਿਜ਼ਾਈਲ ਸਮਝੌਤਾ
ਨਵੀਂ ਦਿੱਲੀ, : ਭਾਰਤ ਅਤੇ ਬਰਤਾਨੀਆ ਨੇ ਨਵੀਆਂ ਮਿਜ਼ਾਈਲਾਂ ਲਈ 35 ਕਰੋੜ ਪੌਂਡ ਦੇ ਸਮਝੌਤੇ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਅਹਿਮ ਖਣਿਜਾਂ ’ਚ ਸਹਿਯੋਗ ਅਤੇ ਭਾਰਤ ’ਚ ਯੂ ਕੇ ਅਧਾਰਤ ਯੂਨੀਵਰਸਿਟੀਆਂ ਦੇ ਵਧੇਰੇ ਕੈਂਪਸ ਖੋਲ੍ਹਣ ’ਤੇ ਵੀ ਸਹਿਮਤੀ ਜਤਾਈ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਕੀਰ ਸਟਾਰਮਰ ਨੇ ਮੁੰਬਈ ’ਚ ਦੁਵੱਲੀ ਮੀਟਿੰਗ ਕੀਤੀ ਜੋ ਜੁਲਾਈ ’ਚ ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤਾਂ ਮਗਰੋਂ ਪਹਿਲੀ ਸੀ। ਸਟਾਰਮਰ, ਜਿਨ੍ਹਾਂ ਇਕ ਦਿਨ ਪਹਿਲਾਂ ਮੁੰਬਈ ’ਚ ਯਸ਼ਰਾਜ ਸਟੂਡੀਓ ਦਾ ਦੌਰਾ ਕੀਤਾ ਸੀ, ਨੇ ਬਰਤਾਨੀਆ ’ਚ ਤਿੰਨ ਬੌਲੀਵੁੱਡ ਫਿਲਮਾਂ ਬਣਾਉਣ ਦਾ ਵੀ ਐਲਾਨ ਕੀਤਾ। ਦੋਵੇਂ ਆਗੂਆਂ ਵਿਚਾਲੇ ਮੀਟਿੰਗ ਮਗਰੋਂ ਜਾਰੀ ਕੀਤੇ ਗਏ ਸਾਂਝੇ ਬਿਆਨ ’ਚ ਬਰਤਾਨੀਆ ਦੇ ਵੀਜ਼ਾ ਨਿਯਮਾਂ ’ਚ ਹੋਏ ਹਾਲੀਆ ਬਦਲਾਅ ਬਾਰੇ ਕੁਝ ਵੀ ਨਹੀਂ ਆਖਿਆ ਗਿਆ ਹੈ ਜਿਸ ਦਾ ਭਾਰਤੀਆਂ ’ਤੇ ਅਸਰ ਪਵੇਗਾ।
ਦੋਵੇਂ ਮੁਲਕਾਂ ਵਿਚਾਲੇ ਥੇਲਸ ਵੱਲੋਂ ਬਣਾਈਆਂ ਅਤੇ ਮਾਰਟਲੇਟ ਨਾਮ ਦੀਆਂ ਲਾਈਟਵੇਟ ਮਲਟੀਰੋਲ ਮਿਜ਼ਾਈਲ ਪ੍ਰਣਾਲੀਆਂ ਲਈ ਸਮਝੌਤੇ ’ਤੇ ਸਹਿਮਤੀ ਬਣੀ। ਇਹ ਮਿਜ਼ਾਈਲਾਂ ਭਾਰਤੀ ਫ਼ੌਜ ਦੀਆਂ ਜੰਗੀ ਯੂਨਿਟਾਂ ਨੂੰ ਮਿਲਣਗੀਆਂ। ਇਹ ਪੈਦਲ ਫ਼ੌਜ ਦੇ ਜਵਾਨਾਂ, ਬਖ਼ਤਰਬੰਦ ਵਾਹਨਾਂ, ਹੈਲੀਕਾਪਟਰਾਂ ਅਤੇ ਜਲ ਸੈਨਾ ਦੇ ਬੇੜਿਆਂ ਰਾਹੀਂ ਵੀ ਦਾਗ਼ੀਆਂ ਜਾ ਸਕਦੀਆਂ ਹਨ। ਇਹ ਮਿਜ਼ਾਈਲਾਂ 6 ਕਿਲੋਮੀਟਰ ਦੀ ਦੂਰੀ ’ਤੇ 1.5 ਮੈਕ ਦੀ ਰਫ਼ਤਾਰ ਨਾਲ ਨਿਸ਼ਾਨਿਆਂ ਨੂੰ ਫੁੰਡ ਸਕਦੀਆਂ ਹਨ।
ਮੋਦੀ ਅਤੇ ਸਟਾਰਮਰ ਨੇ ਜਲ ਸੈਨਾ ਪਲੈਟਫਾਰਮਾਂ ਲਈ ਬਿਜਲਈ ਪ੍ਰਣਾਲੀਆਂ ਵਿਕਸਤ ਕਰਨ ਦੇ ਅੰਤਰ-ਸਰਕਾਰੀ ਸਮਝੌਤੇ ਨੂੰ ਵੀ ਅੰਤਿਮ ਰੂਪ ਦਿੱਤਾ।