ਹਮਾਸ ਵੱਲੋਂ ਸਮਝੌਤੇ ਤਹਿਤ ਸੱਤ ਇਜ਼ਰਾਇਲੀ ਬੰਧਕ ਰਿਹਾਅ
ਕਾਹਿਰਾ : ਜੰਗ ਦੇ ਇਸ ਕਾਲੇ ਦੌਰ ਵਿੱਚ ਕੁਝ ਸੁੱਖ ਦੀ ਖਬਰ ਆਈ ਹੈ ਕਿ ਇਜ਼ਰਾਈਲ ਨਾਲ ਹੋਏ ਜੰਗਬੰਦੀ ਸਮਝੌਤੇ ਤਹਿਤ ਹਮਾਸ ਨੇ ਸੋਮਵਾਰ ਨੂੰ ਸੱਤ ਬੰਧਕਾਂ ਨੂੰ ਰੈੱਡ ਕਰਾਸ ਹਵਾਲੇ ਕਰ ਦਿੱਤਾ। ਹਾਲਾਂਕਿ ਇਨ੍ਹਾਂ ਬੰਧਕਾਂ ਦੀ ਸਿਹਤ ਬਾਰੇ ਫੌਰੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਹਮਾਸ ਨੇ ਕਿਹਾ ਹੈ ਕਿ ਉਹ ਇਜ਼ਰਾਈਲ ਵੱਲੋਂ ਕੈਦ ਕੀਤੇ 1,900 ਤੋਂ ਵੱਧ ਫਲਸਤੀਨੀ ਕੈਦੀਆਂ ਦੀ ਰਿਹਾਈ ਬਦਲੇ 20 ਜ਼ਿਊਂਦੇ ਬੰਧਕਾਂ ਨੂੰ ਰਿਹਾਅ ਕਰੇਗਾ।
ਜਿਵੇਂ ਹੀ ਇਜ਼ਰਾਇਲੀ ਟੈਲੀਵਿਜ਼ਨ ਚੈਨਲਾਂ ਨੇ ਐਲਾਨ ਕੀਤਾ ਕਿ ਬੰਧਕ ਰੈੱਡ ਕਰਾਸ ਦੀ ਹਿਰਾਸਤ ਵਿੱਚ ਹਨ, ਬੰਧਕਾਂ ਦੇ ਪਰਿਵਾਰਾਂ ਅਤੇ ਦੋਸਤਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਲੋਕਾਂ ਨੇ ਉਤਸ਼ਾਹ ਨਾਲ ਖੁਸ਼ੀ ਮਨਾਈ। ਦੇਸ਼ ਭਰ ਵਿੱਚ ਹਜ਼ਾਰਾਂ ਇਜ਼ਰਾਇਲੀ ਬੰਧਕਾਂ ਦੀ ਅਦਲੀ ਬਦਲੀ ਦੇ ਇਸ ਅਮਲ ਨੂੰ ਜਨਤਕ ਥਾਵਾਂ ’ਤੇ ਲਾਈਆਂ ਸਕਰੀਨਾਂ ਰਾਹੀਂ ਦੇਖ ਰਹੇ ਹਨ। ਅਜਿਹਾ ਹੀ ਇਕ ਸਭ ਤੋਂ ਵੱਡਾ ਸਮਾਗਮ ਰਾਜਧਾਨੀ ਤਲ ਅਵੀਵ ਵਿੱਚ ਹੋ ਰਿਹਾ ਹੈ।
ਇਸ ਤੋਂ ਪਹਿਲਾਂ ਇਜ਼ਰਾਈਲ ਨੇ ਐਤਵਾਰ ਨੂੰ ਕਿਹਾ ਸੀ ਕਿ ਉਸ ਨੂੰ ਉਮੀਦ ਹੈ ਕਿ ਹਮਾਸ ਨਾਲ ਹੋਏ ਜੰਗਬੰਦੀ ਸਮਝੌਤੇ ਤਹਿਤ ਗਾਜ਼ਾ ਵਿਚ ਬੰਦੀ ਬਣਾਏ ਗਏ ਸਾਰੇ ਜਿਊਂਦੇ ਬੰਧਕਾਂ ਨੂੰ ਸੋਮਵਾਰ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਉਧਰ ਫ਼ਲਸਤੀਨੀ ਇਜ਼ਰਾਈਲ ਵਿਚ ਬੰਧਕ ਬਣਾਏ ਗਏ ਸੈਂਕੜੇ ਕੈਦੀਆਂ ਦੀ ਰਿਹਾਈ ਤੇ ਮਾਨਵੀ ਸਹਾਇਤਾ ਵਿਚ ਵਾਧੇ ਦੀ ਉਡੀਕ ਵਿਚ ਹਨ। ਇਜ਼ਰਾਈਲ ਦੇ ਫੌਜ ਮੁਖੀ ਲੈਫਟੀਨੈਂਟ ਇਆਲ ਜ਼ਮੀਰ ਨੇ ਇਕ ਬਿਆਨ ਵਿਚ ਕਿਹਾ, ‘‘ਕੁਝ ਹੀ ਘੰਟਿਆਂ ਵਿਚ ਅਸੀਂ ਫਿਰ ਇਕ ਹੋ ਜਾਵਾਂਗੇ।’’
ਇਜ਼ਰਾਈਲ ਵਿੱਚ ਬੰਦ ਫਲਸਤੀਨੀ ਕੈਦੀਆਂ ਦੀ ਰਿਹਾਈ ਲਈ ਸਮੇਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਨ੍ਹਾਂ ਵਿੱਚ 250 ਲੋਕ ਸ਼ਾਮਲ ਹਨ ਜੋ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਇਸ ਤੋਂ ਇਲਾਵਾ 1,700 ਲੋਕ ਜੰਗ ਦੌਰਾਨ ਗਾਜ਼ਾ ਤੋਂ ਫੜੇ ਗਏ ਸਨ ਅਤੇ ਬਿਨਾਂ ਕਿਸੇ ਦੋਸ਼ ਦੇ ਰੱਖੇ ਗਏ ਹਨ।
ਇੱਕ ਫਲਸਤੀਨੀ ਅਧਿਕਾਰੀ ਨੇ ਕਿਹਾ ਕਿ ਹਮਾਸ ਦਾ ਇੱਕ ਵਫ਼ਦ ਕਾਹਿਰਾ ਵਿੱਚ ਕੈਦੀਆਂ ਦੀ ਸੂਚੀ ਬਾਰੇ ਸਾਲਸਾਂ ਨਾਲ ਗੱਲ ਕਰ ਰਿਹਾ ਹੈ। ਅਧਿਕਾਰੀ ਨੇ ਆਪਣਾ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ’ਤੇ ਕਿਹਾ ਕਿ ਹਮਾਸ ਮਕਬੂਲ ਫਲਸਤੀਨੀ ਆਗੂ Marwan 2arghouti ਸਮੇਤ ਉਮਰ ਕੈਦ ਦੀ ਸਜ਼ਾ ਕੱਟ ਰਹੇ ਹੋਰਨਾਂ ਦੀ ਰਿਹਾਈ ਲਈ ਦਬਾਅ ਪਾ ਰਿਹਾ ਹੈ। ਉਧਰ ਇਜ਼ਰਾਈਲ ਨੇ 2arghouti ਨੂੰ ਦਹਿਸ਼ਤੀ ਆਗੂ ਮੰਨਣ ਬਾਰੇ ਫੌਰੀ ਕੋਈ ਟਿੱਪਣੀ ਨਹੀਂ ਕੀਤੀ ਹੈ।