ਪਾਵਰਕੌਮ ਦੇ ਨਵੇਂ ਚੇਅਰਮੈਨ ਉੱਤੇ ਲੱਗੇ ਦੋਸ਼
ਚੰਡੀਗੜ੍ਹ : ਪੰਜਾਬ ਸਰਕਾਰ ਨੇ ਪਾਵਰਕੌਮ ’ਚੋਂ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੋਂ ਹਟਾਏ ਸੀਨੀਅਰ ਆਈ ਏ ਐੱਸ ਅਧਿਕਾਰੀ ਏ ਕੇ ਸਿਨਹਾ ਨੂੰ ਹਵਾ ’ਚ ਲਟਕਾ ਦਿੱਤਾ ਹੈ; ਉਨ੍ਹਾਂ ਦੀ ਥਾਂ ਪਾਵਰਕੌਮ ’ਚ ਤਾਇਨਾਤ ਕੀਤੇ ਆਈ ਏ ਐੱਸ ਅਫਸਰ ਬਸੰਤ ਗਰਗ ਨੂੰ ਸੀ ਐੱਮ ਡੀ ਦਾ ਵਾਧੂ ਚਾਰਜ ਦਿੱਤੇ ਜਾਣ ’ਤੇ ਉਂਗਲ ਉੱਠਣ ਲੱਗੀ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ 22 ਦਸੰਬਰ 2017 ਨੂੰ ਜਾਰੀ ਨੋਟੀਫ਼ਕੇਸ਼ਨ ਅਨੁਸਾਰ, ਸਰਕਾਰ ਰੈਗੂਲਰ ਚੇਅਰਮੈਨ ਲਾ ਸਕਦੀ ਹੈ, ਜਾਂ ਫਿਰ ਪ੍ਰਮੁੱਖ ਸਕੱਤਰ/ਵਿੱਤ ਕਮਿਸ਼ਨਰ ਪੱਧਰ ਦੇ ਅਧਿਕਾਰੀ ਨੂੰ ਵਾਧੂ ਚਾਰਜ ਦੇ ਸਕਦੀ ਹੈ।
ਸੂਤਰਾਂ ਅਨੁਸਾਰ ਪਾਵਰਕੌਮ ਦੀਆਂ ਲੁਧਿਆਣਾ ਤੇ ਪਟਿਆਲਾ ਵਿਚਲੀਆਂ ਸਰਕਾਰੀ ਜਾਇਦਾਦਾਂ ਵੇਚਣ ਦਾ ਏਜੰਡਾ ਸਰਕਾਰ ਲਈ ਤਰਜੀਹੀ ਹੈ ਜਿਸ ਦਾ ਵਿਰੋਧ ਪਾਵਰਕੌਮ ਦੀਆਂ ਮੁਲਾਜ਼ਮ ਜਥੇਬੰਦੀਆਂ ਵੀ ਕਰ ਚੁੱਕੀਆਂ ਹਨ। ਆਖ਼ਰ ਸ੍ਰੀ ਸਿਨਹਾ ਨੂੰ ਸਰਕਾਰ ਨੇ ਬਦਲਿਆ ਹੀ ਨਹੀਂ ਸਗੋਂ ਉਨ੍ਹਾਂ ਨੂੰ ਕੋਈ ਪੋਸਟਿੰਗ ਵੀ ਨਹੀਂ ਦਿੱਤੀ। ਇਸ ਤੋਂ ਪਹਿਲਾਂ ਸੀਨੀਅਰ ਆਈ ਏ ਐੱਸ ਅਧਿਕਾਰੀ ਗੁਰਕੀਰਤ ਕਿਰਪਾਲ ਸਿੰਘ ਨੂੰ ਵੀ ਕੋਈ ਪੋਸਟਿੰਗ ਨਹੀਂ ਦਿੱਤੀ ਸੀ। ਪੰਜਾਬ ਦੇ ਪ੍ਰਸ਼ਾਸਨਿਕ ਹਲਕਿਆਂ ’ਚ ਚਰਚਾ ਵੀ ਹੈ ਕਿ ਸ੍ਰੀ ਸਿਨਹਾ ਨੂੰ ਕਾਫ਼ੀ ਦਬਾਅ ਵੀ ਝੱਲਣਾ ਪਿਆ ਹੈ ਕਿਉਂਕਿ ਉਹ ਵਿਜੀਲੈਂਸ ਕੇਸਾਂ ’ਚ ਉਲਝੇ ਅਫਸਰਾਂ ਨੂੰ ਅਹਿਮ ਥਾਵਾਂ ’ਤੇ ਨਹੀਂ ਲਾਉਣਾ ਚਾਹੁੰਦੇ ਸਨ।
