ਭਾਰਤੀ ਪਰਵਾਸੀ ਨੂੰ ਵਾਪਸ ਭੇਜਣ ’ਤੇ ਰੋਕ

0
55

ਭਾਰਤੀ ਪਰਵਾਸੀ ਨੂੰ ਵਾਪਸ ਭੇਜਣ ’ਤੇ ਰੋਕ
ਨਿਊਯਾਰਕ :ਅਮਰੀਕਾ ਦੀਆਂ ਦੋ ਅਦਾਲਤਾਂ ਨੇ ਆਵਾਸ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਭਾਰਤੀ ਮੂਲ ਦੇ ਸ਼ਖ਼ਸ ਸੁਬਰਾਮਨੀਅਮ ਵੇਦਮ (64) ਨੂੰ ਵਾਪਸ ਨਾ ਭੇਜਣ ਜਿਸ ਨੇ ਹੱਤਿਆ ਦੇ ਮਾਮਲੇ ’ਚ ਦੋਸ਼ੀ ਕਰਾਰ ਦੇਣ ਦਾ ਫ਼ੈਸਲਾ ਪਲਟੇ ਜਾਣ ਤੋਂ ਪਹਿਲਾਂ ਚਾਰ ਦਹਾਕੇ ਜੇਲ੍ਹ ’ਚ ਬਿਤਾਏ ਸਨ। ਉਨ੍ਹਾਂ ਨੂੰ ਫਿਲਹਾਲ ਲੂਸੀਆਨਾ ਦੇ ਜੁਜ਼ਵਕਤੀ ਪਨਾਹ ਕੇਂਦਰ ’ਚ ਰੱਖਿਆ ਗਿਆ ਹੈ ਜਿੱਥੇ ਲੋਕਾਂ ਨੂੰ ਡਿਪੋਰਟ ਕਰ ਕੇ ਵਿਦੇਸ਼ ਭੇਜਣ ਲਈ ਹਵਾਈ ਪੱਟੀ ਵੀ ਮੌਜੂਦ ਹੈ। ਵੇਦਮ ਅਮਰੀਕਾ ’ਚ ਕਾਨੂੰਨੀ ਵਸਨੀਕ ਹੈ। ਆਵਾਸ ਮਾਮਲਿਆਂ ਦੀ ਸੁਣਵਾਈ ਕਰ ਰਹੇ ਜੱਜ ਨੇ ਲੰਘੇ ਵੀਰਵਾਰ ਵੇਦਮ ਨੂੰ ਦੇਸ਼ ’ਚੋਂ ਕੱਢਣ ’ਤੇ ਉਦੋਂ ਤੱਕ ਰੋਕ ਲਗਾ ਦਿੱਤੀ ਜਦੋਂ ਤੱਕ ਕਿ ਇਮੀਗਰੇਸ਼ਨ ਅਪੀਲ ਬਿਊਰੋ ਇਹ ਤੈਅ ਨਹੀਂ ਕਰ ਲੈਂਦਾ ਕਿ ਉਸ ਦੇ ਮਾਮਲੇ ਦੀ ਸਮੀਖਿਆ ਕੀਤੀ ਜਾਵੇ ਜਾਂ ਨਹੀਂ।
ਸੁਬਰਾਮਨੀਅਮ ਵੇਦਮ ਨੂੰ ਇਸ ਸਾਲ ਉਸ ਸਮੇਂ ਰਿਹਾਅ ਕੀਤਾ ਗਿਆ ਸੀ ਜਦੋਂ 1980 ਦੇ ਇੱਕ ਕਤਲ ਕੇਸ ਵਿੱਚ ਉਸ ਦੀ ਸਜ਼ਾ ਨੂੰ ਖ਼ਤਮ ਕਰ ਦਿੱਤਾ ਗਿਆ ਸੀ। ਉਹ 3 ਅਕਤੂਬਰ ਨੂੰ ਜੇਲ੍ਹ ਤੋਂ ਰਿਹਾਅ ਹੋਇਆ ਪਰ ਉਸ ਨੂੰ ਤੁਰੰਤ ਇਮੀਗ੍ਰੇਸ਼ਨ ਵਿਭਾਗ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ।
ਦੋ ਅਦਾਲਤਾਂ , ਇੱਕ ਇਮੀਗ੍ਰੇਸ਼ਨ ਜੱਜ ਅਤੇ ਇੱਕ ਯੂਐਸ ਜ਼ਿਲ੍ਹਾ ਅਦਾਲਤ ਨੇ ਮੰਗਲਵਾਰ ਨੂੰ ਵੇਦਮ ਨੂੰ ਦੇਸ਼ ਨਿਕਾਲਾ ਦੇਣ ’ਤੇ ਰੋਕ ਲਗਾਉਣ ਦਾ ਹੁਕਮ ਦਿੱਤਾ। ਇਮੀਗ੍ਰੇਸ਼ਨ ਜੱਜ ਨੇ ਦੇਸ਼ ਨਿਕਾਲਾ ਉਦੋਂ ਤੱਕ ਰੋਕਿਆ ਹੈ ਜਦੋਂ ਤੱਕ ਬਿਊਰੋ ਆਫ਼ ਇਮੀਗ੍ਰੇਸ਼ਨ ਅਪੀਲਜ਼ ਉਸ ਦੇ ਕੇਸ ਦੀ ਸਮੀਖਿਆ ਨਹੀਂ ਕਰਦੀ, ਜਿਸ ਵਿੱਚ ਕਈ ਮਹੀਨੇ ਲੱਗ ਸਕਦੇ ਹਨ।
ਇਮੀਗ੍ਰੇਸ਼ਨ ਅਧਿਕਾਰੀ (935) ਉਸ ਨੂੰ ਉਸ ਦੇ ਇੱਕ ਪੁਰਾਣੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਕੇਸ ਕਾਰਨ ਦੇਸ਼ ਨਿਕਾਲਾ ਦੇਣਾ ਚਾਹੁੰਦੇ ਹਨ, ਜੋ ਕਿ ਉਸ ’ਤੇ ਲਗਭਗ 20 ਸਾਲ ਦੀ ਉਮਰ ਵਿੱਚ ਦਰਜ ਹੋਇਆ ਸੀ।
ਵੇਦਮ ਦੇ ਵਕੀਲ ਦਲੀਲ ਦੇ ਰਹੇ ਹਨ ਕਿ ਉਸ ਨੇ ਜੋ 43 ਸਾਲ ਗ਼ਲਤ ਤਰੀਕੇ ਨਾਲ ਜੇਲ੍ਹ ਵਿੱਚ ਕੱਟੇ ਹਨ, ਜਿੱਥੇ ਉਸ ਨੇ ਡਿਗਰੀਆਂ ਹਾਸਲ ਕੀਤੀਆਂ ਅਤੇ ਹੋਰ ਕੈਦੀਆਂ ਨੂੰ ਪੜ੍ਹਾਇਆ, ਉਸ ਦਾ ਮੁੱਲ ਨਸ਼ੀਲੇ ਪਦਾਰਥਾਂ ਦੇ ਕੇਸ ਨਾਲੋਂ ਕਿਤੇ ਵੱਧ ਹੋਣਾ ਚਾਹੀਦਾ ਹੈ।
ਉੱਧਰ ਵੇਦਮ ਦੀ ਭੈਣ ਸਰਸਵਤੀ ਵੇਦਮ ਨੇ ਕਿਹਾ ਕਿ “ ਅਸੀਂ ਉਮੀਦ ਕਰਦੇ ਹਾਂ ਕਿ ਇਮੀਗ੍ਰੇਸ਼ਨ ਅਪੀਲਜ਼ ਬੋਰਡ ਵੀ ਅਖੀਰ ਵਿੱਚ ਮੰਨ ਜਾਵੇਗਾ ਕਿ ਵੇਦਮ ਨੂੰ ਦੇਸ਼ ਨਿਕਾਲਾ ਦੇਣਾ ਇੱਕ ਹੋਰ ਵੱਡੀ ਬੇਇਨਸਾਫ਼ੀ ਹੋਵੇਗੀ। ਉਹ ਵਿਅਕਤੀ ਜਿਸ ਨੇ ਨਾ ਸਿਰਫ਼ ਉਸ ਜੁਰਮ ਲਈ 43 ਸਾਲ ਕੱਟੇ ਜੋ ਉਸ ਨੇ ਨਹੀਂ ਕੀਤਾ, ਬਲਕਿ ਉਹ 9 ਮਹੀਨਿਆਂ ਦੀ ਉਮਰ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ।”

LEAVE A REPLY

Please enter your comment!
Please enter your name here