ਬਿਹਾਰ ਚੋਣਾਂ ਵਿੱਚ ਗੜਬੜ ਹੋਈ: ਕਾਂਗਰਸ
ਨਵੀਂ ਦਿੱਲੀ : ਬਿਹਾਰ ਵਿਧਾਨ ਸਭਾ ਚੋਣਾਂ ਵਿਚ ਕਰਾਰੀ ਹਾਰ ਤੋਂ ਬਾਅਦ ਅੱਜ ਕਾਂਗਰਸ ਵੱਲੋਂ ਪਾਰਟੀ ਪ੍ਰਧਾਨ ਮਲਿਕਾਰਜੁਨ ਦੇ ਘਰ ਸਮੀਖਿਆ ਮੀਟਿੰਗ ਕੀਤੀ ਗਈ ਜਿਸ ਵਿਚ ਰਾਹੁਲ ਗਾਂਧੀ, ਕੇ ਸੀ ਵੇਣੂਗੋਪਾਲ ਤੇ ਅਜੈ ਮਾਕਨ ਵੀ ਮੌਜੂਦ ਸਨ। ਇਸ ਮੌਕੇ ਖਾਮੀਆਂ ਬਾਰੇ ਚਰਚਾ ਕੀਤੀ ਗਈ ਤੇ ਭਵਿੱਖ ਦੀਆਂ ਚੋਣਾਂ ਲਈ ਸੁਝਾਅ ਦਿੱਤੇ ਗਏ। ਮੀਟਿੰਗ ਤੋਂ ਬਾਅਦ ਕਾਂਗਰਸ ਆਗੂਆਂ ਨੇ ਦੋਸ਼ ਲਾਇਆ ਕਿ ਚੋਣ ਵਿਚ ਭਾਜਪਾ ਵਲੋਂ ਗੜਬੜ ਕੀਤੀ ਗਈ। ਸ੍ਰੀ ਵੇਣੂਗੋਪਾਲ ਨੇ ਕਿਹਾ ਕਿ ਪਾਰਟੀ ਚੋਣਾਂ ਸਬੰਧੀ ਸਬੂਤ ਇਕੱਠਾ ਕਰ ਰਹੀ ਹੈ ਜਿਨ੍ਹਾਂ ਨੂੰ ਦੋ ਹਫਤਿਆਂ ਅੰਦਰ ਲੋਕਾਂ ਸਾਹਮਣੇ ਕੀਤਾ ਜਾਵੇਗਾ। ਬਿਹਾਰ ਚੋਣਾਂ ਵਿਚ ਕਾਂਗਰਸ ਨੇ 60 ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਕਾਂਗਰਸ ਨੂੰ ਸਿਰਫ ਛੇ ਸੀਟਾਂ ’ਤੇ ਜਿੱਤ ਹਾਸਲ ਹੋਈ। ਕਾਂਗਰਸ ਦਾ ਵੋਟ ਬੈਂਕ ਵੀ ਇਸ ਵਾਰ 8.71 ਫੀਸਦੀ ਰਹਿ ਗਿਆ ਹੈ ਜਦਕਿ ਸਾਲ 2020 ਵਿਚ ਕਾਂਗਰਸ ਨੇ 70 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਤੇ 19 ਸੀਟਾਂ ਜਿੱਤੀਆਂ ਸਨ ਤੇ ਉਸ ਵੇਲੇ ਕਾਂਗਰਸ ਦਾ ਵੋਟ ਬੈਂਕ ਵੀ 9.6 ਫੀਸਦੀ ਸੀ।
