ਬਿਹਾਰ ’ਚ ਐੱਨ ਡੀ ਏ ਦੀ ਤੂਫ਼ਾਨੀ ਵਾਪਸੀ
ਪਟਨਾ, :ਬਿਹਾਰ ’ਚ ਹੁਕਮਰਾਨ ਗੱਠਜੋੜ ਐੱਨ ਡੀ ਏ ਨੇ ਵਿਧਾਨ ਸਭਾ ਚੋਣਾਂ ਵਿੱਚ ਮੁੜ ਸ਼ਾਨਦਾਰ ਵਾਪਸੀ ਕਰਦਿਆਂ 243 ’ਚੋਂ 202 ਸੀਟਾਂ ਜਿੱਤ ਕੇ ਵਿਸ਼ਾਲ ਬਹੁਮਤ ਹਾਸਲ ਕੀਤੀ ਹੈ ਜਦਕਿ ਵਿਰੋਧੀ ਮਹਾਗੱਠਜੋੜ ਸਿਰਫ਼ 35 ਸੀਟਾਂ ਜਿੱਤ ਸਕਿਆ ਹੈ। ਇਹ ਜਾਣਕਾਰੀ ਚੋਣ ਕਮਿਸ਼ਨ ਨੇ ਦਿੱਤੀ ਹੈ। ਬਿਹਾਰ ’ਚ ਸਰਕਾਰ ਬਣਾਉਣ ਲਈ 122 ਸੀਟਾਂ ਦੀ ਜ਼ਰੂਰਤ ਹੈ।
ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਜਪਾ ਨੇ 89 ਸੀਟਾਂ ਜਿੱਤੀਆਂ ਹਨ ਅਤੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਭਾਜਪਾ ਨੇ 101 ਸੀਟਾਂ ’ਤੇ ਚੋਣ ਲੜੀ ਸੀ। ਉਸ ਦੀ ਸਹਿਯੋਗੀ ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠਲੀ ਪਾਰਟੀ ਜਨਤਾ ਦਲ (ਯੂ) ਨੇ 85 ਸੀਟਾਂ ਜਿੱਤੀਆਂ ਹਨ। ਚਿਰਾਗ ਪਾਸਵਾਨ ਦੀ ਅਗਵਾਈ ਹੇਠਲੀ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੇ 19 ਸੀਟਾਂ ਹਾਸਲ ਕੀਤੀਆਂ ਹਨ। ਹਿੰਦੁਸਤਾਨ ਅਵਾਮ ਮੋਰਚਾ (ਸੈਕੁਲਰ) ਨੇ 5 ਤੇ ਰਾਸ਼ਟਰੀ ਲੋਕ ਮੋਰਚਾ ਨੇ 4 ਸੀਟਾਂ ਜਿੱਤੀਆਂ ਹਨ। ਐੱਨ ਡੀ ਏ ਵੱਲੋਂ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਅਤੇ ਰਾਜ ਮੰਤਰੀ ਪ੍ਰੇਮ ਕੁਮਾਰ, ਮਹੇਸ਼ਵਰ ਹਜ਼ਾਰੀ ਤੇ ਸੰਜੈ ਸਰੋਗੀ ਅਤੇ ਭਾਜਪਾ ਉਮੀਦਵਾਰ ਮੈਥਿਲੀ ਠਾਕੁਰ ਚੋਣ ਜਿੱਤ ਚੁੱਕੇ ਹਨ। ਆਰ ਜੇ ਡੀ ਆਗੂ ਤੇ ਇੰਡੀਆ ਗੱਠਜੋੜ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਤੇਜਸਵੀ ਯਾਦਵ, ਮਰਹੂਮ ਮੁਹੰਮਦ ਸ਼ਹਾਬੂਦੀਨ ਦਾ ਪੁੱਤਰ ਓਸਾਮਾ ਸ਼ਹਾਬ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦਾ ਸੰਦੀਪ ਸੌਰਵ ਵਿਰੋਧੀ ਧਿਰ ਦੇ ਜਿੱਤੇ ਅਹਿਮ ਆਗੂਆਂ ’ਚ ਸ਼ਾਮਲ ਹਨ। ਇੰਡੀਆ ਗੱਠਜੋੜ ਸਿਰਫ਼ 35 ਸੀਟਾਂ ’ਤੇ ਜਿੱਤ ਹਾਸਲ ਕਰ ਸਕਿਆ ਹੈ। ਆਰ ਜੇ ਡੀ ਨੇ 25 ਸੀਟਾਂ ਅਤੇ ਕਾਂਗਰਸ ਨੇ ਛੇ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਨੇ ਦੋ ਸੀਟਾਂ ਹਾਸਲ ਕੀਤੀਆਂ ਹਨ। ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੁੱਦੀਨ ਓਵਾਇਸੀ ਦੀ ਅਗਵਾਈ ਹੇਠਲੀ ਏ ਆਈ ਐੱਮ ਆਈ ਐੱਮ ਨੇ ਪੰਜ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ ਦਾ ਖਾਤਾ ਵੀ ਨਾ ਖੁੱਲ੍ਹ ਸਕਿਆ।
