ਸਿੱਖ ਜਥੇ ’ਚੋਂ ਲਾਪਤਾ ਸਰਬਜੀਤ ਕੌਰ ਪਾਕਿਸਤਾਨ ’ਚ ‘ਨੂਰ ਹੁਸੈਨ’ ਬਣੀ
ਚੰਡੀਗੜ੍ਹ :ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਪਾਕਿਸਤਾਨ ਗਈ ਸਰਬਜੀਤ ਕੌਰ ਦੀ ਨਨਕਾਣਾ ਸਾਹਿਬ ਵਿਖੇ ਗੁਰਦੁਆਰਿਆਂ ਤੋਂ ਗਾਇਬ ਹੋਈ ਸਰਬਜੀਤ ਨੇ ਇਸਲਾਮ ਕਬੂਲ ਕਰਦਿਆਂ ਆਪਣਾ ਨਾਮ ਨੂਰ ਹੁਸੈਨ ਕਰ ਲਿਆ ਹੈ ਅਤੇ ਉਸ ਦਾ ਨਿਕਾਹ ਹੋ ਗਿਆ ਹੈ। ਸ਼ੇਖੂਪੁਰਾ ਦੀ ਇੱਕ ਮਸਜਿਦ ਨੇ ਸਹਿਮਤੀ ਦਾ ਹਵਾਲਾ ਦਿੰਦੇ ਹੋਏ ਨਿਕਾਹ ਸਰਟੀਫਿਕੇਟ ਜਾਰੀ ਕੀਤਾ ਹੈ। ਵਾਇਰਲ ਹੋਏ ਇੱਕ ਉਰਦੂ ਨਿਕਾਹਨਾਮੇ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਲਾਹੌਰ ਤੋਂ ਲਗਪਗ 56 ਕਿਲੋਮੀਟਰ ਦੂਰ ਸ਼ੇਖੂਪੁਰਾ ਦੇ ਰਹਿਣ ਵਾਲੇ ਨਾਸਿਰ ਹੁਸੈਨ ਨਾਲ ਵਿਆਹ ਕਰਵਾ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਸਰਬਜੀਤ ਕੌਰ ਕਪੂਰਥਲਾ ਦੇ ਪਿੰਡ ਅਮਾਨੀਪੁਰ ਵਿੱਚ ਆਪਣੇ ਪਤੀ ਕਰਨੈਲ ਸਿੰਘ ਦੇ ਘਰ ਰਹਿ ਰਹੀ ਸੀ, ਜੋ ਲਗਪਗ ਤਿੰਨ ਦਹਾਕਿਆਂ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਹੈ। ਉਸ ਦਾ ਤਲਾਕ ਹੋ ਚੁੱਕਾ ਹੈ ਅਤੇ ਉਸ ਦੇ ਪਹਿਲੇ ਵਿਆਹ ਤੋਂ ਦੋ ਪੁੱਤਰ ਹਨ। ਪੁਲਿਸ ਅਨੁਸਾਰ ਸਰਬਜੀਤ ਖਿਲਾਫ਼ ਤਿੰਨ ਅਪਰਾਧਿਕ ਮਾਮਲੇ ਦਰਜ ਹਨ — ਦੋ ਕਪੂਰਥਲਾ ਸਿਟੀ ਅਤੇ ਇੱਕ ਬਠਿੰਡਾ ਦੇ ਕੋਟ ਫੱਤਾ ਵਿੱਚ ਜੋ ਮੁੱਖ ਤੌਰ ’ਤੇ ਧੋਖਾਧੜੀ ਨਾਲ ਸਬੰਧਤ ਹਨ। ਅਧਿਕਾਰੀਆਂ ਨੇ ਕਿਹਾ ਕਿ ਉਸ ਦੇ ਪਿਛੋਕੜ ਅਤੇ ਇਨ੍ਹਾਂ ਮਾਮਲਿਆਂ ਦੇ ਵੇਰਵਿਆਂ ਦੀ ਮੁੜ ਜਾਂਚ ਕੀਤੀ ਜਾ ਰਹੀ ਹੈ। ਉਸ ਦੇ ਦੋ ਪੁੱਤਰਾਂ ਲਵਜੋਤ ਸਿੰਘ ਅਤੇ ਨਵਜੋਤ ਸਿੰਘ ਦੇ ਖਿਲਾਫ਼ ਵੀ ਕਪੂਰਥਲਾ, ਸੁਲਤਾਨਪੁਰ ਲੋਧੀ ਅਤੇ ਕਬੀਰਪੁਰ ਵਿੱਚ ਕੁੱਲ 10 ਅਪਰਾਧਿਕ ਮਾਮਲੇ ਚੱਲ ਰਹੇ ਹਨ, ਭਾਵੇਂ ਕਿ ਹੁਣ ਦੋਵੇਂ ਜ਼ਮਾਨਤ ’ਤੇ ਬਾਹਰ ਹਨ।
