ਸ਼ੇਖ ਹਸੀਨਾ ਦੇ ਪੁੱਤਰ ਵੱਲੋਂ ਭਾਰਤ ਦਾ ਕੀਤਾ ਧੰਨਵਾਦ
ਵਰਜੀਨੀਆ :ਬੰਗਲਾਦੇਸ਼ ਦੀ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪੁੱਤਰ ਨੇ ਢਾਕਾ ਦੀ ਹਵਾਲਗੀ ਦੀ ਬੇਨਤੀ ’ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਆਪਣੀ ਮਾਂ ਵਿਰੁੱਧ ਕਾਨੂੰਨੀ ਕਾਰਵਾਈ ਨੂੰ ਖਾਰਜ ਕਰਦਿਆਂ ਭਾਰਤ ਨੂੰ ਸਰਹੱਦ ਪਾਰ ਤੋਂ ਵਧ ਰਹੇ ਅਤਿਵਾਦ ਦੇ ਖਤਰੇ ਬਾਰੇ ਚੇਤਾਇਆ ਹੈ।
ਅਗਸਤ 2024 ਵਿੱਚ ਆਪਣੀ ਮਾਂ ਦੇ ਭਾਰਤ ਪਹੁੰਚਣ ਸਬੰਧੀ ਵਾਜ਼ੇਦ ਜੌਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਨ੍ਹਾਂ ਨੂੰ ਸ਼ਰਨ ਦੇਣ ਲਈ ਡੂੰਘਾ ਧੰਨਵਾਦ ਪ੍ਰਗਟ ਕੀਤਾ ਅਤੇ ਦਾਅਵਾ ਕੀਤਾ ਕਿ ਅਤਿਵਾਦੀ ਉਨ੍ਹਾਂ ਦੀ ਹੱਤਿਆ ਦੀ ਯੋਜਨਾ ਬਣਾ ਰਹੇ ਸਨ। ਵਾਜ਼ੇਦ ਨੇ ਬੰਗਲਾਦੇਸ਼ ਦੀ ਹਵਾਲਗੀ ਦੀ ਬੇਨਤੀ ਦੀ ਜਾਇਜ਼ਤਾ ਨੂੰ ਸਿਰੇ ਤੋਂ ਖਾਰਜ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਦੀ ਮਾਂ ਵਿਰੁੱਧ ਮਾਮਲਿਆਂ ਵਿੱਚ ਨਿਆਂਇਕ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।
ਵਾਜ਼ੇਦ ਨੇ ਦੋਸ਼ ਲਾਇਆ ਕਿ ਅੰਤਰਿਮ ਯੂਨਿਸ ਸਰਕਾਰ ਨੇ ਸ਼ੇਖ ਹਸੀਨਾ ਦੇ ਪ੍ਰਸ਼ਾਸਨ ਅਧੀਨ ਪਹਿਲਾਂ ਦੋਸ਼ੀ ਠਹਿਰਾਏ ਗਏ ਹਜ਼ਾਰਾਂ ਅਤਿਵਾਦੀਆਂ ਨੂੰ ਰਿਹਾਅ ਕਰ ਦਿੱਤਾ ਹੈ ਤੇ ਲਸ਼ਕਰ-ਏ-ਤੋਇਬਾ ਹੁਣ ਬੰਗਲਾਦੇਸ਼ ਵਿੱਚ ਆਜ਼ਾਦੀ ਨਾਲ ਕੰਮ ਕਰ ਰਿਹਾ ਹੈ।
