ਗੁਰਦੁਆਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਖਿਲਾਫ਼ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਪ੍ਰਬੰਧਕ ਕਮੇਟੀ ਨੇ ਦਿੱਤਾ ਠੋਕਵਾਂ ਜਵਾਬ
*ਡੀ.ਐੱਮ.ਵੀ. ਦੀ ਸੰਗਤ ਨੇ ਪ੍ਰੈੱਸ ਕਾਨਫਰੰਸ ਕਰ ਕੇ ਵਿਰੋਧੀਆਂ ਨੂੰ ਦੇ ਕੂੜ ਪ੍ਰਚਾਰ ਨੂੰ ਨਕਾਰਿਆ*
Amazing Tv (Maryland) ਬੀਤੇ ਕੁਝ ਦਿਨਾਂ ਤੋਂ ਕੁਝ ਸ਼ਰਾਰਤੀ ਤੱਤਾਂ ਵਲੋਂ ਸਿੱਖ ਐਸੋਸੀਏਸ਼ਨ ਬਾਲਟੀਮੋਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਖਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਮੇਟੀ ਮੈਂਬਰ ਸ਼ਰਾਬ ਦਾ ਸੇਵਨ ਕਰਦੇ ਹਨ। ਇਸ ਸਬੰਧੀ ਡੀ.ਐੱਮ.ਵੀ. ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੀ ਹਾਜ਼ਰੀ ਵਿਚ ਇਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹਨਾਂ ਸ਼ਰਾਰਤੀ ਤੱਤਾਂ ਨੂੰ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ ਉਹ ਪ੍ਰਬੰਧਕ ਕਮੇਟੀ ਖਿਲਾਫ਼ ਕੀਤਾ ਜਾ ਰਿਹਾ ਕੂੜ ਪ੍ਰਚਾਰ ਬੰਦ ਕਰ ਦੇਣ ਨਹੀਂ ਤਾਂ ਉਹਨਾਂ ਦੇ ਵੀ ਪੋਤੜੇ ਫਰੋਲੇ ਜਾਣਗੇ। ਉਹਨਾਂ ਕਿਹਾ ਕਿ ਉਹ ਪਹਿਲਾਂ ਆਪਣੇ ਵੱਲ ਵੇਖ ਲੈਣ ਕਿ ਉਹ ਆਪਣੇ ਲੀਕਰ ਸਟੋਰਾਂ ’ਤੇ ਸ਼ਰਾਬ ਤੇ ਤੰਬਾਕੂ ਵੇਚਦੇ ਹਨ ਕਿ ਦੁੱਧ? ਪ੍ਰਬੰਧਕ ਕਮੇਟੀ ਨੇ ਕਿਹਾ ਕਿ ਉਹ ਸਪੱਸ਼ਟ ਕਰਦੇ ਹਨ ਗੁਰੂਘਰ ਵਿਚ ਕੋਈ ਵੀ ਆ ਕੇ ਆਪਣੀ ਸ਼ਰਧਾ ਪੂਰੀ ਕਰ ਸਕਦਾ ਹੈ, ਉਹ ਚਾਹੇ ਅੰਮਿ੍ਰਤਧਾਰੀ ਹੈ ਅਤੇ ਚਾਹੇ ਸਹਿਜਧਾਰੀ। ਨੁਮਾਇੰਦਿਆਂ ਨੇ ਕਿਹਾ ਕਿ ਕੁਝ ਲੋਕਾਂ ਨੇ ਆਡੀਓ ਵਾਇਰਲ ਕਰ ਕੇ ਝੂਠੇ ਦੋਸ਼ ਲਗਾਏ ਹਨ ਕਿ ਉਹਨਾਂ ਦੀ ਗੱਡੀ ਦਾ ਕਿਸੇ ਨੇ ਪਿੱਛਾ ਕੀਤਾ ਹੈ ਅਤੇ ਧਮਕੀਆਂ ਦਿੱਤੀਆਂ ਹਨ, ਉਹਨਾਂ ਉਹਨਾਂ ਲੋਕਾਂ ਨੂੰ ਪੂਰਾ ਹੱਕ ਹੈ ਕਿ ਉਹ ਪੁਲਿਸ ਤੋਂ ਇਸ ਮਾਮਲੇ ਦੇ ਜਾਂਚ ਕਰਾਵਾਉਣ ਅਤੇ ਜੋ ਸੱਚ ਹੋਵੇਗਾ ਸਾਹਮਣੇ ਆ ਜਾਵੇਗਾ ਪਰ ਕਿਸੇ ਉੱਤੇ ਝੂਠੇ ਦੋਸ਼ ਨਹੀਂ ਲਗਾਏ ਜਾਣੇ ਚਾਹੀਦੇ। ਇਸ ਮੌਕੇ ਪ੍ਰਬੰਧਕਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ਤੋਂ ਬਚਣ ਅਤੇ ਆਪਸੀ ਏਕਤਾ ਬਣਾਈ ਰੱਖਣ। ਉਹਨਾਂ ਕਿ ਉਹ ਸੰਗਤ ਦੇ ਸਹਿਯੋਗ ਨਾਲ ਵਿਰੋਧੀਆਂ ਨੂੰ ਤਕੜਾ ਜਵਾਬ ਦੇਣ ਲਈ ਤਿਆਰ ਬਰ ਤਿਆਰ ਹਨ।